ਨਵਾਂਸ਼ਹਿਰ (ਦੇਸ ਰਾਜ ਬਾਲੀ):- ਪੰਜਾਬ ਵਿਧਾਨ ਸਭਾ ਦੇ 13ਵੇਂ ਸੈਸ਼ਨ ਦੌਰਾਨ ਨਵਾਂਸ਼ਹਿਰ ਤੋਂ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਡਾ. ਨਛੱਤਰ ਪਾਲ ਨੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਕੋਲ ਰਾਹੋਂ ਤੋਂ ਮੱਤੇਵਾੜਾ ਸੜਕ ਦੀ ਬੇਹੱਦ ਖਸਤਾ ਹਾਲਤ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਇਸ ਸੜਕ ਰਾਹੀਂ ਆਉਣ-ਜਾਣ ਵਾਲੇ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੇ ਜਵਾਬ ਵਿੱਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਰਾਹੋਂ–ਮੱਤੇਵਾੜਾ ਸੜਕ ਦੀ ਵਿਸ਼ੇਸ਼ ਮੁਰੰਮਤ ਦਾ ਕੰਮ ਸਾਲ 2021 ਵਿੱਚ ਕੀਤਾ ਗਿਆ ਸੀ। ਹੁਣ ਇਹ ਸੜਕ ਮੁੜ ਵਿਸ਼ੇਸ਼ ਮੁਰੰਮਤ ਦੀ ਲੋੜ ਵਿੱਚ ਹੈ। ਇਸ ਸੜਕ ਤੋਂ ਮਾਈਨਿੰਗ ਨਾਲ ਸਬੰਧਤ ਭਾਰੀ ਆਵਾਜਾਈ ਲੰਘਦੀ ਹੈ, ਜਿਸ ਕਾਰਨ ਸੜਕ ਟੁੱਟ ਗਈ ਹੈ। ਇਸ ਲਈ ਸੜਕ ਦਾ ਕਰਸਟ ਡਿਜ਼ਾਈਨ ਤਿਆਰ ਕਰਵਾਉਣ ਵਾਸਤੇ ਪਟਿਆਲਾ ਦੀ ਰਿਸਰਚ ਲੈਬ ਦੇ ਡਿਪਟੀ ਡਾਇਰੈਕਟਰ ਨਾਲ ਸੰਪਰਕ ਕੀਤਾ ਗਿਆ ਸੀ। ਸੜਕ ਦੇ ਕਰਸਟ ਡਿਜ਼ਾਈਨ ਅਤੇ ਮੌਕੇ ’ਤੇ ਲੋੜੀਂਦੀ ਰਿਟੇਨਿੰਗ ਦੀਵਾਰ ਨੂੰ ਸ਼ਾਮਲ ਕਰਦਿਆਂ 33 ਕਰੋੜ 88 ਲੱਖ ਰੁਪਏ ਦਾ ਅਨੁਮਾਨ ਤਿਆਰ ਕੀਤਾ ਗਿਆ ਹੈ। ਫੰਡ ਪ੍ਰਾਪਤ ਕਰਨ ਲਈ ਕੇਸ ਭੇਜ ਦਿੱਤਾ ਗਿਆ ਹੈ ਅਤੇ ਫੰਡ ਉਪਲਬਧ ਹੋਣ ’ਤੇ ਵਿਸ਼ੇਸ਼ ਮੁਰੰਮਤ ਦਾ ਕੰਮ ਕਰਵਾ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਵਿਧਾਇਕ ਡਾ. ਨਛੱਤਰ ਪਾਲ ਨੇ ਲੋਕ ਨਿਰਮਾਣ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਨੂੰ ਕਿਹਾ ਕਿ ਲਗਭਗ 12 ਕਿਲੋਮੀਟਰ ਲੰਬੀ ਰਾਹੋਂ–ਮੱਤੇਵਾੜਾ ਸੜਕ ਦੀ ਹਾਲਤ ਬਹੁਤ ਮਾੜੀ ਹੈ। ਇਸ ਸੜਕ ਰਾਹੀਂ ਰਾਹੋਂ, ਨਵਾਂਸ਼ਹਿਰ, ਬਲਾਚੌਰ, ਗੜ੍ਹਸ਼ੰਕਰ ਅਤੇ ਨਾਲ ਲੱਗਦੇ ਪਿੰਡਾਂ ਸਮੇਤ ਲਗਭਗ 50 ਪਿੰਡਾਂ ਦੇ ਲੋਕ ਸਤਲੁਜ ਦਰਿਆ ’ਤੇ ਬਣੇ ਪੁਲ ਨੂੰ ਪਾਰ ਕਰਕੇ ਲੁਧਿਆਣਾ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬਰਨਾਲਾ ਖੁਰਦ ਅਤੇ ਗੜ੍ਹੀ ਭਾਰਟਾ ਨੇੜੇ ਕਈ ਥਾਵਾਂ ’ਤੇ ਲਗਭਗ 10-10 ਫੁੱਟ ਡੂੰਘੇ ਟੋਏ ਪੈ ਚੁੱਕੇ ਹਨ ਅਤੇ ਸੜਕ ਬੁਰੀ ਤਰ੍ਹਾਂ ਟੁੱਟ ਗਈ ਹੈ। ਤਾਜਪੁਰ ਤੋਂ ਸਤਲੁਜ ਦਰਿਆ ਤੱਕ ਵੀ ਡੂੰਘੇ ਟੋਏ ਪਏ ਹੋਏ ਹਨ। ਉਨ੍ਹਾਂ ਕਿਹਾ ਕਿ ਸੜਕ ਟੁੱਟਣ ਦਾ ਇੱਕ ਮੁੱਖ ਕਾਰਨ ਮਾਈਨਿੰਗ ਨਾਲ ਸਬੰਧਤ ਭਾਰੀ ਆਵਾਜਾਈ ਵੀ ਹੈ।
ਡਾ. ਨਛੱਤਰ ਪਾਲ ਨੇ ਕਿਹਾ ਕਿ ਉਨ੍ਹਾਂ ਦੀ ਬੇਨਤੀ ’ਤੇ ਪਹਿਲਾਂ ਉੜਾਪੜ ਤੋਂ ਰਾਹੋਂ–ਜਾਡਲਾ ਅਤੇ ਮਾਛੀਵਾੜਾ–ਨਵਾਂਸ਼ਹਿਰ ਸੜਕਾਂ ਬਣਾਈਆਂ ਗਈਆਂ ਸਨ। ਉਨ੍ਹਾਂ ਲੋਕ ਨਿਰਮਾਣ ਮੰਤਰੀ ਨੂੰ ਅਪੀਲ ਕੀਤੀ ਕਿ ਇਸ ਸੜਕ ਨੂੰ ਵੀ ਜਲਦੀ ਤੋਂ ਜਲਦੀ ਬਣਾਇਆ ਜਾਵੇ, ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ।
ਜਵਾਬ ਦਿੰਦਿਆਂ ਮੰਤਰੀ ਨੇ ਵਿਧਾਇਕ ਦੀ ਗੱਲ ਨਾਲ ਸਹਿਮਤੀ ਪ੍ਰਗਟਾਈ ਅਤੇ ਕਿਹਾ ਕਿ ਇਸ ਸੜਕ ’ਤੇ ਮਾਈਨਿੰਗ ਨਾਲ ਸਬੰਧਤ ਬਹੁਤ ਭਾਰੀ ਆਵਾਜਾਈ ਲੰਘਦੀ ਹੈ, ਜਿਸ ਕਾਰਨ ਸੜਕ ’ਤੇ ਵੱਡੀ ਗਿਣਤੀ ਵਿੱਚ ਟੋਏ ਪੈ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਲ 2021 ਵਿੱਚ ਹੀ ਸੜਕ ਦੀ ਲੋੜੀਂਦੀ ਰਿਸਰਚ ਕਰਵਾ ਕੇ ਲੈਬ ਤੋਂ ਕਰਸਟ ਡਿਜ਼ਾਈਨ ਤਿਆਰ ਕਰਵਾ ਲਿਆ ਜਾਂਦਾ, ਤਾਂ ਸੜਕ ਉਸ ਸਮੇਂ ਹੀ ਬਣਾਈ ਜਾ ਸਕਦੀ ਸੀ ਅਤੇ ਅੱਜ ਇਹ ਸਮੱਸਿਆ ਪੈਦਾ ਨਾ ਹੁੰਦੀ। ਉਨ੍ਹਾਂ ਭਰੋਸਾ ਦਿੱਤਾ ਕਿ ਹੁਣ ਸੜਕ ਦਾ ਪੂਰਾ ਕਰਸਟ ਡਿਜ਼ਾਈਨ ਤਿਆਰ ਕਰਵਾ ਕੇ ਅਤੇ ਰਿਟੇਨਿੰਗ ਦੀਵਾਰਾਂ ਸਮੇਤ ਇਸ ਨੂੰ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਮੰਤਰੀ ਨੇ ਅੱਗੇ ਦੱਸਿਆ ਕਿ ਬਰਨਾਲਾ ਖੁਰਦ ਅਤੇ ਭਾਰਟਾ ਕਲਾਂ ਨੇੜੇ ਸੜਕ ਦਾ ਹਿੱਸਾ ਖਾਸ ਤੌਰ ’ਤੇ ਸਮੱਸਿਆ ਵਾਲਾ ਹੈ। ਇਨ੍ਹਾਂ ਦੋਵਾਂ ਪਿੰਡਾਂ ਦੇ ਨੇੜੇ ਪੈਂਦੇ ਲਗਭਗ ਦੋ ਕਿਲੋਮੀਟਰ ਹਿੱਸੇ ਵਿੱਚ ਸੀਸੀ ਸੜਕ ਬਣਾਈ ਜਾ ਰਹੀ ਹੈ, ਤਾਂ ਜੋ ਇਸ ਨੂੰ ਹੋਰ ਮਜ਼ਬੂਤ ਅਤੇ ਟਿਕਾਊ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੜਕ ਨੂੰ ਪੂਰੀ ਮਜ਼ਬੂਤੀ ਨਾਲ ਬਣਾਇਆ ਜਾਵੇਗਾ, ਤਾਂ ਜੋ ਭਵਿੱਖ ਵਿੱਚ ਮਾਈਨਿੰਗ ਦੇ ਭਾਰੀ ਟਰੈਫਿਕ ਕਾਰਨ ਮੁੜ ਅਜਿਹੀ ਸਮੱਸਿਆ ਨਾ ਆਵੇ। ਲੋੜੀਂਦੇ ਡਿਜ਼ਾਈਨ, ਰਿਸਰਚ ਟੈਸਟਿੰਗ ਅਤੇ ਮਨਜ਼ੂਰੀਆਂ ਮਿਲਣ ਤੋਂ ਬਾਅਦ ਸੜਕ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕਰ ਦਿੱਤਾ ਜਾਵੇਗਾ।
