ਹਰੋਲੀ/ਊਨਾ, 14 ਅਪ੍ਰੈਲ (ਰਾਜਵੀਰ ਚੋਪੜਾ):- ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਉੱਘੇ ਰਾਗੀ ਅਤੇ ਢਾਡੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਬਾਬਾ ਕੇਵਲ ਸਿੰਘ ਜੀ ਨੇ ਡਾ. ਅੰਬੇਡਕਰ ਜੀ ਦੀ ਜੀਵਨੀ ਸੰਗਤਾਂ ਨਾਲ ਸਾਂਝੀ ਕਰਦੇ ਹੋਏ ਦੱਸਿਆ ਕਿ ਬਾਬਾ ਸਾਹਿਬ ਨੇ ਆਪਣਾ ਸਾਰਾ ਜੀਵਨ ਦਬੇ-ਕੁਚਲੇ ਵਰਗ ਦੀ ਭਲਾਈ ਅਤੇ ਉਨ੍ਹਾਂ ਦੇ ਅਧਿਕਾਰਾਂ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ 32 ਡਿਗਰੀਆਂ ਦੇ ਮਾਲਕ ਬਾਬਾ ਸਾਹਿਬ ਨੇ ਮਨੁੱਖਤਾ ਦੀ ਸੇਵਾ ਲਈ ਆਪਣੀ ਨਿੱਜੀ ਜ਼ਿੰਦਗੀ ਤੱਕ ਨਿਛਾਵਰ ਕਰ ਦਿੱਤੀ ਅਤੇ ਭਾਰਤ ਦਾ ਸੰਵਿਧਾਨ ਲਿਖ ਕੇ ਹਰ ਜਾਤੀ ਅਤੇ ਧਰਮ ਨੂੰ ਬਰਾਬਰੀ ਦੇ ਹੱਕ ਦਿੱਤੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡਾ. ਅੰਬੇਡਕਰ ਜੀ ਸਿਰਫ਼ ਇੱਕ ਸਮਾਜ ਦੇ ਨਹੀਂ, ਸਗੋਂ ਸਮੂਹ ਮਨੁੱਖਤਾ ਦੇ ਰਹਿਬਰ ਸਨ।
ਇਸ ਮੌਕੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਨੇ ਵੀ ਹਾਜ਼ਰੀ ਭਰੀ। ਗੁਰੂ ਘਰ ਦੇ ਸੀਨੀਅਰ ਵਾਈਸ ਪ੍ਰਧਾਨ ਮੱਖਣ ਸਿੰਘ ਵਾਹਦਪੁਰੀ ਅਤੇ ਚੌਧਰੀ ਜੀਤ ਸਿੰਘ ਬਗਵਾਈ ਨੇ ਸੰਗਤਾਂ ਨੂੰ ਡਾ. ਅੰਬੇਡਕਰ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।
ਕੈਸ਼ੀਅਰ ਹਰਭਜਨ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸਰਪੰਚ ਰੋਸ਼ਨ ਲਾਲ ਨੇ ਸੰਗਤਾਂ ਨੂੰ ਗੁਰੂ ਘਰ ਦੀ ਕਾਰ ਸੇਵਾ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਬਾ ਕੇਵਲ ਸਿੰਘ, ਬਾਬਾ ਨਰੇਸ਼ ਸਿੰਘ, ਡਾ. ਕੁਲਵਰਨ ਸਿੰਘ, ਮੱਖਣ ਸਿੰਘ, ਬਾਬਾ ਸੁਖਦੇਵ ਸਿੰਘ, ਹਰਭਜਨ ਸਿੰਘ, ਬਿੰਦਰ ਸਿੰਘ, ਸਤਪਾਲ ਸਿੰਘ, ਚੌਧਰੀ ਜੀਤ ਸਿੰਘ, ਡਾ. ਜਸਬੀਰ ਵਿੱਕੀ, ਡਾ. ਵਿਪਨ ਕੁਮਾਰ, ਬਲਜੀਤ ਸਿੰਘ ਅਤੇ ਚਰਨ ਭਾਰਤੀ ਸਮੇਤ ਕਈ ਸੰਗਤਾਂ ਹਾਜ਼ਰ ਸਨ।