ਚੰਡੀਗੜ੍ਹ, 21 ਨਵੰਬਰ 2026:- ਪ੍ਰਸਿੱਧ ਸਾਹਿਤਕਾਰ ਡਾ. ਅਵਤਾਰ ਸਿੰਘ ਪਤੰਗ ਦੀ ਨਵੀਂ ਵਾਰਤਕ ਪੁਸਤਕ ‘ਗੱਲ ਉਨ੍ਹਾਂ ਦਿਨਾਂ ਦੀ’ ਦਾ ਲੋਕ-ਅਰਪਣ ਅਤੇ ਵਿਚਾਰ-ਚਰਚਾ ਸਮਾਗਮ ਅੱਜ ਪੰਜਾਬੀ ਲੇਖਕ ਸਭਾ (ਰਜਿ.), ਚੰਡੀਗੜ੍ਹ ਵੱਲੋਂ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕਰਵਾਇਆ ਗਿਆ। ਡਾ. ਪਤੰਗ ਦੀ ਇਸ ਸੱਤਵੀਂ ਪੁਸਤਕ ਵਿੱਚ ਰਹਿਤਲ ਅਤੇ ਬਦਲਦੇ ਸਮਾਜਿਕ ਪਰਿਵੇਸ਼ ਨੂੰ ਸਮਰਪਿਤ 19 ਲੇਖ ਦਰਜ ਹਨ, ਜਿਨ੍ਹਾਂ ਰਾਹੀਂ ਸੱਭਿਆਚਾਰ ਨੂੰ ਸਾਂਭ ਕੇ ਰੱਖਣ ਦਾ ਸੁਨੇਹਾ ਦਿੱਤਾ ਗਿਆ ਹੈ।
ਸਮਾਗਮ ਦਾ ਮੰਚ ਸੰਚਾਲਨ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਡਾ. ਪਤੰਗ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੀ 1982 ਵਿੱਚ ਹੋਈ ਸਥਾਪਨਾ ਤੋਂ ਲੈ ਕੇ ਹੁਣ ਤੱਕ ਸਰਗਰਮ ਭੂਮਿਕਾ ਨਿਭਾਉਂਦੇ ਆ ਰਹੇ ਹਨ। ਪੁਸਤਕ ਲੋਕ-ਅਰਪਣ ਸਮੇਂ ਪ੍ਰਧਾਨਗੀ ਮੰਡਲ ਵਿੱਚ ਲੇਖਕ ਡਾ. ਅਵਤਾਰ ਸਿੰਘ ਪਤੰਗ ਤੋਂ ਇਲਾਵਾ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ, ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਅਤੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਡਾ. ਸਰਬਜੀਤ ਸਿੰਘ, ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਸੀਨੀਅਰ ਪ੍ਰਸਾਰਣ ਅਧਿਕਾਰੀ ਹਰਬੰਸ ਸੋਢੀ, ਸੁਰਿੰਦਰ ਕੌਰ, ਪ੍ਰੀਤਮ ਸਿੰਘ, ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਅਤੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਸ਼ਾਮਲ ਸਨ।
ਹਰਬੰਸ ਸੋਢੀ ਨੇ ਕਿਹਾ ਕਿ ਇਹ ਪੁਸਤਕ ਗਿਆਨੀ ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’ ਅਤੇ ਕ੍ਰਿਸ਼ਨਾ ਸੋਬਤੀ ਦੀ ‘ਜ਼ਿੰਦਗੀਨਾਮਾ’ ਦਾ ਰਲਿਆ-ਮਿਲਿਆ ਰੂਪ ਹੈ, ਜਿਸ ਵਿੱਚ ਲੇਖਕ ਨੇ ਰੌਚਕ ਬਿਰਤਾਂਤ ਸਿਰਜਿਆ ਹੈ। ਪ੍ਰਸਿੱਧ ਕਵਿੱਤਰੀ ਰਾਜਿੰਦਰ ਕੌਰ ਨੇ ਡਾ. ਪਤੰਗ ਨਾਲ ਆਪਣੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਵਿਚਾਰ ਸਾਂਝੇ ਕੀਤੇ। ਚਿੰਤਕ ਗੁਰਨਾਮ ਕੰਵਰ ਨੇ ਆਖਿਆ ਕਿ ਬਚਪਨ ਦੀਆਂ ਬਹੁਤ ਸਾਰੀਆਂ ਯਾਦਾਂ ਇਕੱਠੀਆਂ ਕਰਕੇ ਅਵਤਾਰ ਸਿੰਘ ਪਤੰਗ ਨੇ ਬਾਕਮਾਲ ਪੁਸਤਕ ਦੀ ਸਿਰਜਣਾ ਕੀਤੀ ਹੈ। ਲੇਖਿਕਾ ਯਤਿੰਦਰ ਮਾਹਲ ਨੇ ਕਿਹਾ ਕਿ ਸਮਾਜ ਦੇ ਵਿਸਰ ਰਹੇ ਰਸਮੋ-ਰਿਵਾਜ ਇਸ ਪੁਸਤਕ ਰਾਹੀਂ ਬਾਖੂਬੀ ਉਜਾਗਰ ਹੋਏ ਹਨ। ਲੇਖਕ ਦਰਸ਼ਨ ਸਿੱਧੂ ਨੇ ਕਿਹਾ ਕਿ ਲੇਖਕ ਨੇ ਆਪਣੇ ਹੰਢਾਏ ਅਨੁਭਵਾਂ ਨੂੰ ਵਿਅੰਗਾਤਮਕ ਅਤੇ ਰਿਸ਼ਤਿਆਂ ਦੇ ਵੱਖ-ਵੱਖ ਰੰਗਾਂ ਰਾਹੀਂ ਦਰਸਾਇਆ ਹੈ।
ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਨੇ ਕਿਹਾ ਕਿ ਲੋਕ ਸਾਹਿਤ ਰਾਹੀਂ ਹੋਈ ਪਾਤਰ ਉਸਾਰੀ ਨੂੰ ਅਵਤਾਰ ਸਿੰਘ ਪਤੰਗ ਨੇ ਸੰਵੇਦਨਸ਼ੀਲਤਾ ਨਾਲ ਆਪਣੀ ਲੇਖਣੀ ਦਾ ਹਿੱਸਾ ਬਣਾਇਆ ਹੈ। ਉੱਘੇ ਕਹਾਣੀਕਾਰ ਪਰਮਜੀਤ ਮਾਨ ਨੇ ਕਿਹਾ ਕਿ ਲੇਖਕ ਦੀ ਕਲਪਨਾ ਉਡਾਰੀ ਬੇਹਤਰੀਨ ਹੈ। ਸੱਭਿਆਚਾਰਕ ਵਿਸ਼ੇ ਦੇ ਮਾਹਿਰ ਜਲੌਰ ਸਿੰਘ ਖੀਵਾ ਨੇ ਕਿਹਾ ਕਿ ਮਨੁੱਖ ਹਮੇਸ਼ਾ ਅਤੀਤ ਵਿੱਚ ਜਿਉਂਦਾ ਹੈ ਅਤੇ ਹਰ ਦੌਰ ਦਾ ਆਪਣਾ ਇੱਕ ਵੱਖਰਾ ਸੱਭਿਆਚਾਰ ਹੁੰਦਾ ਹੈ।
‘ਗੱਲ ਉਨ੍ਹਾਂ ਦਿਨਾਂ ਦੀ’ ਪੁਸਤਕ ਦੇ ਲੇਖਕ ਡਾ. ਅਵਤਾਰ ਸਿੰਘ ਪਤੰਗ ਨੇ ਆਖਿਆ ਕਿ ਜ਼ਮਾਨੇ ਨਾਲ ਲੋਕ ਬਦਲਦੇ ਹਨ ਅਤੇ ਲੋਕਾਂ ਨਾਲ ਜ਼ਮਾਨਾ ਬਦਲਦਾ ਹੈ, ਪਰ ਅੰਦਰ ਪਿਆ ਬਹੁਤ ਕੁਝ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਇਸ ਨੂੰ ਸ਼ਬਦੀ ਰੂਪ ਦਿੱਤਾ ਜਾਵੇ। ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ ਨੇ ਕਿਹਾ ਕਿ ਬਚਪਨ ਦੀਆਂ ਯਾਦਾਂ ਸਾਡਾ ਸਰਮਾਇਆ ਹੁੰਦੀਆਂ ਹਨ। ਮੁੱਖ ਮਹਿਮਾਨ ਵਜੋਂ ਬੋਲਦਿਆਂ ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਪੁਸਤਕ ਨੇ ਉਨ੍ਹਾਂ ਨੂੰ ਹਲੂਣ ਕੇ ਰੱਖ ਦਿੱਤਾ ਅਤੇ ਕਿੰਨੇ ਹੀ ਵਾਕਿਆਤ ਫ਼ਿਲਮ ਵਾਂਗ ਉਨ੍ਹਾਂ ਦੇ ਸਾਹਮਣੇ ਆ ਖੜ੍ਹੇ ਹੋਏ। ਪ੍ਰਧਾਨਗੀ ਭਾਸ਼ਣ ਵਿੱਚ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਲੇਖਕ ਨੇ ਸਾਹਿਤ ਦੀ ਹਰ ਵਿਧਾ ਵਿੱਚ ਸਿਰਜਣਾਤਮਕ ਕੰਮ ਕਰਕੇ ਇੱਕ ਵਿਲੱਖਣ ਮੁਕਾਮ ਹਾਸਲ ਕੀਤਾ ਹੈ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣ ਵਾਲੀਆਂ ਅਦਬੀ ਸ਼ਖ਼ਸੀਅਤਾਂ ਵਿੱਚ ਬਲਬੀਰ ਸਿੰਘ, ਗੁਰਮੇਲ ਸਿੰਘ ਮੋਜੋਵਾਲ, ਸੁਰਿੰਦਰ ਕੌਰ, ਸਰਬਜੀਤ ਸਿੰਘ ਪੱਡਾ, ਮੇਜਰ ਸਿੰਘ ਪੰਜਾਬੀ, ਪ੍ਰਹਲਾਦ ਸਿੰਘ, ਦਰਸ਼ਨ ਸਿੰਘ ਸਿੱਧੂ, ਪਰਮਜੀਤ ਕੌਰ, ਚਰਨਜੀਤ ਕੌਰ ਬਾਠ, ਸੁਖਵਿੰਦਰ ਸਿੰਘ, ਰਾਜਿੰਦਰ ਸਿੰਘ ਧੀਮਾਨ, ਜਗਦੀਪ ਸਿੱਧੂ, ਰਾਜਿੰਦਰ ਕੌਰ, ਸਰਬਜੀਤ ਸਿੰਘ, ਮਲਕੀਤ ਸਿੰਘ ਨਾਗਰਾ, ਜਸਬੀਰ ਪਾਲ ਸਿੰਘ, ਹਰਜੀਤ ਸਿੰਘ ਗੁਲਾਟੀ, ਡਾ. ਲਾਭ ਸਿੰਘ ਖੀਵਾ, ਵਰਿੰਦਰ ਸਿੰਘ ਚੱਠਾ, ਗੁਰਦੇਵ ਸਿੰਘ ਗਿੱਲ, ਡਾ. ਹਰਬੰਸ ਕੌਰ ਗਿੱਲ, ਦਰਸ਼ਨ ਤਿਉਣਾ, ਜੋਧ ਸਿੰਘ, ਸੁਖਦੇਵ ਸਿੰਘ, ਊਸ਼ਾ ਕੰਵਰ, ਸੁਖਵਿੰਦਰ ਰਫ਼ੀਕ, ਗੁਰਮੀਤ ਸਿੰਘ ਸਿੰਗਲ, ਲਿਬਰੇਟ, ਪ੍ਰੀਤਮ ਸਿੰਘ ਚੰਡੀਗੜ੍ਹ, ਜਤਿੰਦਰ ਸਿੰਘ, ਵਿਜੇ ਕੁਮਾਰ, ਡਾ. ਰਜਿੰਦਰ ਰੇਨੂੰ, ਪਰਮਿੰਦਰ ਸਿੰਘ ਮਦਾਨ, ਮਹਿੰਦਰ ਸਿੰਘ, ਹਰਜਿੰਦਰ ਸਿੰਘ ਪੰਨੂ, ਜਸਵਿੰਦਰ ਸਿੰਘ ਕਾਇਨੌਰ, ਰਣਜੀਤ ਕੌਰ ਕਾਇਨੌਰ, ਇੰਦਰਜੀਤ ਪਰੇਮੀ, ਅਮਰਾਓ ਗਿੱਲ, ਸਵੈਰਾਜ ਸੰਧੂ, ਰੇਖਾ ਮਿੱਤਲ, ਪੁਸ਼ਪਿੰਦਰ ਕੌਰ, ਜਸਜੋਤ ਕੌਰ, ਪ੍ਰਵੀਨ ਵਰਮਾ ਖਿੱਪਲ, ਅਜਾਇਬ ਔਜਲਾ, ਮਨਜੀਤ ਸਿੰਘ ਖਹਿਰਾ, ਭਰਪੂਰ ਸਿੰਘ ਅਤੇ ਗਗਨਦੀਪ ਸਿੰਘ ਸ਼ਾਮਲ ਸਨ।
