ਸੰਗਰੂਰ, 30 ਅਕਤੂਬਰ:- ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਸੰਗਰੂਰ, ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਸੰਗਰੂਰ ਵੱਲੋਂ ਸਪਰਸ਼ ਜੀਵਨ ਪ੍ਰਮਾਣ ਪੱਤਰ ਦਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਾਬਕਾ ਸੈਨਿਕ ਪੈਨਸ਼ਨਰਾਂ, ਸਾਬਕਾ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤਾਂ ਦੀ ਫ਼ੌਜ ਦੀ ਫੈਮਲੀ ਪੈਨਸ਼ਨ ਸਬੰਧੀ ਮਹੀਨਾਵਾਰ ਹਾਜ਼ਰੀ ਨਵੰਬਰ 2026 ਵਿੱਚ ਲੱਗਣੀ ਹੈ, ਉਨ੍ਹਾਂ ਦੇ ਜੀਵਤ ਹੋਣ ਦਾ ਪ੍ਰਮਾਣ ਪੱਤਰ (ਲਾਈਫ਼ ਸਰਟੀਫ਼ਿਕੇਟ) ਜਮ੍ਹਾਂ ਕਰਵਾਉਣ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਸੰਗਰੂਰ ਵਿਖੇ 2 ਨਵੰਬਰ 2026 ਤੋਂ 20 ਨਵੰਬਰ 2026 ਤੱਕ (ਸਰਕਾਰੀ ਛੁੱਟੀਆਂ ਤੋਂ ਬਿਨਾਂ) ਦਫ਼ਤਰੀ ਸਮੇਂ ਦੌਰਾਨ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਨੇ ਸਬੰਧਤ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ੌਜੀ ਪੈਨਸ਼ਨ ਦਾ ਸਪਰਸ਼ ਵੱਲੋਂ ਜਾਰੀ ਪੀ.ਪੀ.ਓ., ਆਧਾਰ ਕਾਰਡ, ਬੈਂਕ ਪਾਸਬੁੱਕ (ਜਿਸ ਵਿੱਚ ਪੈਨਸ਼ਨ ਆਉਂਦੀ ਹੈ) ਅਤੇ ਆਧਾਰ ਕਾਰਡ ਨਾਲ ਲਿੰਕ ਕੀਤਾ ਮੋਬਾਈਲ ਨੰਬਰ ਲੈ ਕੇ ਦਫ਼ਤਰ ਪਹੁੰਚਣ ਅਤੇ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ।
