ਬਲਾਚੌਰ, 30 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ):- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ ਬਲਾਚੌਰ ਹਲਕੇ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਸਮੱਸਿਆਵਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਪਾਰਟੀ ਦੇ ਹਲਕਾ ਇੰਚਾਰਜ ਸੇਠੀ ਸਰਪੰਚ ਥੋਪੀਆ ਦੀ ਅਗਵਾਈ ਹੇਠ ਵੱਡੀ ਗਿਣਤੀ ਵਰਕਰਾਂ ਅਤੇ ਇਲਾਕਾ ਵਾਸੀਆਂ ਨੇ ਐਸ.ਡੀ.ਐਮ. ਬਲਾਚੌਰ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ 16 ਨੁਕਤੀ ਮੰਗ ਪੱਤਰ ਸੌਂਪਿਆ।

ਇਸ ਮੌਕੇ ਸੇਠੀ ਸਰਪੰਚ ਥੋਪੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਢੇ ਚਾਰ ਸਾਲ ਪੂਰੇ ਹੋਣ ਦੇ ਬਾਵਜੂਦ ਵੀ ਬਲਾਚੌਰ ਹਲਕਾ ਵਿਕਾਸ ਪੱਖੋਂ ਪੂਰੀ ਤਰ੍ਹਾਂ ਪਛੜ ਗਿਆ ਹੈ। ਵਿਕਾਸ ਦੀ ਰਫ਼ਤਾਰ ਦਾ ਜੋ ਢੰਡੋਰਾ ਪਿੱਟਿਆ ਜਾ ਰਿਹਾ ਹੈ, ਉਹ ਜ਼ਮੀਨੀ ਹਕੀਕਤ ’ਤੇ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਫਲੈਕਸ ਬੋਰਡਾਂ ਰਾਹੀਂ ਝੂਠਾ ਪ੍ਰਚਾਰ ਕਰਨ ਵਿੱਚ ਮੋਹਰੀ ਹੈ, ਜਦਕਿ ਜ਼ਮੀਨੀ ਪੱਧਰ ’ਤੇ ਲੋਕ ਅੱਜ ਵੀ ਟੁੱਟੀਆਂ ਸੜਕਾਂ, ਗੰਦੇ ਪਾਣੀ, ਟ੍ਰੈਫਿਕ ਜਾਮ ਅਤੇ ਬੰਦ ਹਸਪਤਾਲਾਂ ਨਾਲ ਜੂਝ ਰਹੇ ਹਨ।

ਮੰਗ ਪੱਤਰ ਵਿੱਚ ਸਭ ਤੋਂ ਪਹਿਲਾਂ ਬਲਾਚੌਰ ਵਿਖੇ 400 ਮੀਟਰ ਦਾ ਖੇਡ ਟਰੈਕ ਬਣਾਉਣ ਅਤੇ ਇਲਾਕੇ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਦੀ ਮੰਗ ਕੀਤੀ ਗਈ। ਬਲਾਚੌਰ ਸ਼ਹਿਰ ਦੀਆਂ ਖਸਤਾ ਹਾਲਤ ਸੜਕਾਂ ਜਿਵੇਂ ਭੱਦੀ ਰੋਡ, ਮੇਨ ਚੌਂਕ, ਗੜ੍ਹੀ ਰੋਡ ਆਦਿ ਦੇ ਨਵੀਨੀਕਰਨ ਦੀ ਮੰਗ ਉਠਾਈ ਗਈ। ਸ਼ਹਿਰ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ, ਰੇਹੜੀਆਂ-ਫੜ੍ਹੀਆਂ ਵਾਲਿਆਂ ਵੱਲੋਂ ਸੁੱਟੇ ਜਾਂਦੇ ਕੂੜੇ ਦਾ ਉਚਿਤ ਪ੍ਰਬੰਧ ਕਰਨ, ਸ਼ਹਿਰ ਅੰਦਰ ਟ੍ਰੈਫਿਕ ਜਾਮ ਤੋਂ ਰਾਹਤ ਦਿਵਾਉਣ, ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕਰਨ ਅਤੇ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਤੁਰੰਤ ਚਾਲੂ ਕਰਨ ਦੀ ਮੰਗ ਵੀ ਕੀਤੀ ਗਈ।

ਸਿਹਤ ਸਹੂਲਤਾਂ ਨੂੰ ਲੈ ਕੇ ਮੰਗ ਪੱਤਰ ਵਿੱਚ ਕਿਹਾ ਗਿਆ ਕਿ ਕਾਠਗੜ੍ਹ ਦਾ ਬੰਦ ਪਿਆ ਸਿਵਲ ਹਸਪਤਾਲ ਮੁੜ ਚਾਲੂ ਕਰਵਾਇਆ ਜਾਵੇ ਅਤੇ ਉੱਥੇ ਡਾਕਟਰਾਂ ਦਾ ਯੋਗ ਪ੍ਰਬੰਧ ਕੀਤਾ ਜਾਵੇ, ਤਾਂ ਜੋ ਇਲਾਕੇ ਦੇ ਲੋਕਾਂ ਨੂੰ ਇਲਾਜ ਲਈ ਦੂਰ-ਦੁਰਾਡੇ ਨਾ ਭਟਕਣਾ ਪਵੇ।

ਪ੍ਰਦੂਸ਼ਣ ਦੇ ਮੁੱਦੇ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਤਹਿਸੀਲ ਅੰਦਰ ਲੱਗੀਆਂ ਫੈਕਟਰੀਆਂ ਦਾ ਗੰਦਾ ਪਾਣੀ ਦਰਿਆ ਸਤਲੁਜ ਅਤੇ ਭੂਮੀ ਵਿੱਚ ਪਾਏ ਜਾਣ ਕਾਰਨ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ। ਇਸ ’ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਗਈ। ਨਾਲ ਹੀ ਸ਼ਹਿਰ ਵਿੱਚ ਵੱਧ ਰਹੇ ਸ਼ੋਰ ਪ੍ਰਦੂਸ਼ਣ ’ਤੇ ਵੀ ਲਗਾਮ ਲਗਾਉਣ ਦੀ ਮੰਗ ਉਠਾਈ ਗਈ।

ਸੜਕ ਹਾਦਸਿਆਂ ਨੂੰ ਰੋਕਣ ਲਈ ਅਵਾਰਾ ਪਸ਼ੂਆਂ ਕਾਰਨ ਹੁੰਦੇ ਹਾਦਸਿਆਂ ਨੂੰ ਰੋਕਣ ਵਾਸਤੇ ਪੁਖ਼ਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਕਾਠਗੜ੍ਹ ਮੋੜ, ਕੰਗਣਾ ਪੁਲ ਬਾਈਪਾਸ (ਰੋਪੜ੍ਹ ਤੋਂ ਜਲੰਧਰ ਸੜਕ) ਅਤੇ ਜੀ.ਟੀ. ਰੋਡ ਹਾਈਵੇਅ ਦੇ ਗੜ੍ਹੀ ਕਾਨੂੰਗੋਆਂ ਚੌਂਕ, ਭੁਲੇਖਾ ਚੌਂਕ ਵਿਖੇ ਫਲਾਈਓਵਰ ਪੁਲ ਬਣਾਉਣ ਦੀ ਮੰਗ ਵੀ ਰੱਖੀ ਗਈ।

ਨਸ਼ਿਆਂ ਦੇ ਮੁੱਦੇ ’ਤੇ ਸੇਠੀ ਥੋਪੀਆ ਨੇ ਕਿਹਾ ਕਿ ਨਸ਼ਿਆਂ ਨੂੰ ਰੋਕਣ ਲਈ ਸ਼ਹੀਦ ਹੋਏ ਪਰਮਿੰਦਰ ਛੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਪਰਿਵਾਰ ਵੱਲੋਂ ਬਣਾਈ ਕਮੇਟੀ ਦੀਆਂ ਮੰਗਾਂ ਲਾਗੂ ਕੀਤੀਆਂ ਜਾਣ। ਨਸ਼ਿਆਂ ਨੂੰ ਰੋਕਣ ਲਈ ਗੁਪਤ ਟੀਮਾਂ ਦਾ ਪ੍ਰਬੰਧ ਕਰਨ ਦੀ ਮੰਗ ਵੀ ਕੀਤੀ ਗਈ।

ਅੰਤ ਵਿੱਚ ਹਲਕਾ ਇੰਚਾਰਜ ਸੇਠੀ ਸਰਪੰਚ ਥੋਪੀਆ ਨੇ ਕਿਹਾ ਕਿ ਇਹ ਮੰਗਾਂ ਕਿਸੇ ਇੱਕ ਪਾਰਟੀ ਦੀਆਂ ਨਹੀਂ, ਸਗੋਂ ਇਲਾਕੇ ਦੇ ਆਮ ਲੋਕਾਂ ਦੀਆਂ ਬਹੁਤ ਜ਼ਰੂਰੀ ਲੋੜਾਂ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ, ਨਹੀਂ ਤਾਂ ਲੋਕ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਮੂਹ ਅਹੁਦੇਦਾਰ, ਵਰਕਰ ਅਤੇ ਇਲਾਕਾ ਵਾਸੀ ਹਾਜ਼ਰ ਸਨ।