ਨਵਾਂਸ਼ਹਿਰ:- ਆਈ.ਟੀ.ਆਈ ਨਵਾਂਸ਼ਹਿਰ ਦੀ ਗਰਾਊਂਡ ਵਿਖੇ 15 ਅਗਸਤ ਨੂੰ ਸੁਤੰਤਰਤਾ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਰੋਹ ਉਤਸ਼ਾਹ, ਧੂਮਧਾਮ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਜਾਵੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਜ਼ਿਲ੍ਹਾ ਪੱਧਰੀ ਤੇ ਸੁਤੰਤਰਤਾ ਦਿਵਸ ਸਮਾਰੋਹ ਦੇ ਅਗੇਤੇ ਪ੍ਰਬੰਧਾ ਸਬੰਧੀ ਆਯੋਜਿਤ ਮੀਟਿੰਗ ਨੂੰ ਸੰਬੋਧਤ ਕਰਦਿਆਂ ਕੀਤਾ।
ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਵੱਖ-ਵੱਖ ਕੰਮਾਂ ਲਈ ਡਿਊਟੀ ਲਗਾਈ ਅਤੇ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਗੰਭੀਰਤਾ ਤੇ ਤਨਦੇਹੀ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸੁਤੰਤਰਤਾ ਦਿਵਸ ਸਮਾਰੋਹ ’ਤੇ ਮੁੱਖ ਮਹਿਮਾਨ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਆਦਿ ਕੀਤੀ ਜਾਵੇਗੀ ਅਤੇ ਮਾਰਚ ਪਾਸਟ ਦੀ ਟੁੱਕੜੀ ਤੋਂ ਸਲਾਮੀ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਰਚ ਪਾਸਟ ਵਿੱਚ ਪੰਜਾਬ ਪੁਲਿਸ, ਐਨ.ਸੀ.ਸੀ ਅਤੇ ਵੱਖ-ਵੱਖ ਸਕੂਲਾਂ ਦੀਆਂ ਟੁਕੜੀਆਂ ਸ਼ਾਮਲ ਹੋਣਗੀਆਂ।
ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ 15 ਅਗਸਤ ਮੌਕੇ ਆਯੋਜ਼ਿਤ ਹੋਣ ਵਾਲਾ ਸੱਭਿਆਚਾਰਕ ਪ੍ਰੋਗਰਾਮ ਦੇਸ਼ ਭਗਤੀ ਦੇ ਜਜ਼ਬੇ 'ਤੇ ਆਧਾਰਿਤ ਜਾਂ ਦੇਸ਼ ਅਤੇ ਸੂਬੇ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਵਾਲਾ ਹੋਣਾ ਚਾਹੀਦਾ ਹੈ। ਉਨ੍ਹਾਂ ਹੋਰ ਹਦਾਇਤ ਕੀਤੀ ਕਿ ਆਜਾਦੀ ਦਿਹਾੜੇ ਸਬੰਧੀ ਕਰਵਾਏ ਜਾਣ ਵਾਲੇ ਸਮਾਗਮ ਦੀ ਰਿਹਰਸਲਾਂ ਆਈ.ਟੀ.ਆਈ ਨਵਾਂਸ਼ਹਿਰ ਦੀ ਗਰਾਊਂਡ ਵਿਖੇ ਕਰਵਾਈਆ ਜਾਣ।
ਉਨ੍ਹਾਂ ਹਦਾਇਤ ਕੀਤੀ ਕਿ ਸਮਾਗਮ ਦੇ ਸਮੁੱਚੇ ਪ੍ਰਬੰਧ ਸੁਚਾਰੂ ਅਤੇ ਖੂਬਸੂਰਤ ਢੰਗ ਨਾਲ ਨੇਪਰੇ ਚਾੜੇ ਜਾਣ। ਉਨ੍ਹਾ ਦੱਸਿਆ ਕਿ ਆਜ਼ਾਦੀ ਦਿਵਸ ਦੇ ਮੌਕੇ 'ਤੇ ਸੁਤੰਤਰਤਾ ਸੰਗਰਾਮੀਆਂ (ਆਜ਼ਾਦੀ ਘੁਲਾਟੀਏ), ਖੇਡਾਂ, ਸਿੱਖਿਆ ਤੇ ਹੋਰ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲਿਆਂ ਤੋਂ ਇਲਾਵਾ ਮਿਹਨਤ, ਲਗਨ ਨਾਲ ਤੇ ਉੱਚ ਪ੍ਰਾਪਤੀਆਂ ਕਰਨ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
