ਹੁਸ਼ਿਆਰਪੁਰ, 23 ਜੂਨ:- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਸਰਦਾਰ ਬਹਾਦੁਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਬਜਵਾੜਾ (ਹੁਸ਼ਿਆਰਪੁਰ) ਵਿੱਚ ਦਾਖਲਾ ਲੈ ਕੇ ਭਾਰਤੀ ਸੈਨਾਵਾਂ ਵਿੱਚ ਅਫ਼ਸਰ ਬਣਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਅਧੀਨ ਸਥਾਪਿਤ ਇਹ ਸੰਸਥਾ ਨੌਜਵਾਨਾਂ ਨੂੰ ਭਾਰਤੀ ਜਲ ਸੈਨਾ, ਥਲ ਸੈਨਾ ਅਤੇ ਵਾਯੂ ਸੈਨਾ ਵਿੱਚ ਅਫ਼ਸਰ ਬਣਨ ਲਈ ਉੱਚ ਪੱਧਰੀ ਸਿਖਲਾਈ ਪ੍ਰਦਾਨ ਕਰਦੀ ਹੈ। ਸੰਸਥਾ ਵੱਲੋਂ ਸੀ.ਡੀ.ਐੱਸ., ਏ.ਐੱਫ.ਸੀ.ਏ.ਟੀ., ਓ.ਟੀ.ਏ. ਅਤੇ ਹੋਰ ਪ੍ਰਤੀਯੋਗੀ ਪ੍ਰਵੇਸ਼ ਪ੍ਰੀਖਿਆਵਾਂ ਰਾਹੀਂ ਹਥਿਆਰਬੰਦ ਸੈਨਾਵਾਂ ਵਿੱਚ ਗ੍ਰੈਜੂਏਟ ਪੱਧਰ ਦੇ ਦਾਖਲੇ ਲਈ ਵਿਸ਼ੇਸ਼ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਪਹਿਲਾ ਬੈਚ ਜੁਲਾਈ 2026 ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋਵੇਗਾ। ਇਸ ਅਧੀਨ ਉਮੀਦਵਾਰਾਂ ਨੂੰ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਲਈ 3 ਮਹੀਨਿਆਂ ਦੀ ਢਾਂਚਾਗਤ ਅਕਾਦਮਿਕ ਸਿਖਲਾਈ ਅਤੇ 3 ਹਫ਼ਤਿਆਂ ਦੀ ਐੱਸ.ਐੱਸ.ਬੀ. (ਸਰਵਿਸਿਜ਼ ਸਿਲੈਕਸ਼ਨ ਬੋਰਡ) ਸਿਖਲਾਈ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਹ ਸਹੂਲਤ ਗ੍ਰੈਜੂਏਸ਼ਨ ਪੂਰੀ ਕਰ ਚੁੱਕੇ ਲੜਕਿਆਂ ਅਤੇ ਲੜਕੀਆਂ ਦੇ ਨਾਲ-ਨਾਲ ਗ੍ਰੈਜੂਏਸ਼ਨ ਦੇ ਆਖਰੀ ਸਾਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਵੀ ਉਪਲਬਧ ਹੈ। ਸੰਸਥਾ ਵਿੱਚ ਉਮੀਦਵਾਰਾਂ ਲਈ ਹੋਸਟਲ ਵਿੱਚ ਰਿਹਾਇਸ਼ ਅਤੇ ਡਾਈਨਿੰਗ ਹਾਲ ਰਾਹੀਂ ਭੋਜਨ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ।
ਆਸ਼ਿਕਾ ਜੈਨ ਨੇ ਦੱਸਿਆ ਕਿ ਬਿਨੈਕਾਰ ਦੀ ਜਨਮ ਮਿਤੀ 1 ਜਨਵਰੀ 2003 ਤੋਂ ਬਾਅਦ ਦੀ ਹੋਣੀ ਚਾਹੀਦੀ ਹੈ ਅਤੇ ਗ੍ਰੈਜੂਏਸ਼ਨ ਵਿੱਚ ਘੱਟੋ-ਘੱਟ 55 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣੇ ਲਾਜ਼ਮੀ ਹਨ। ਇਸ ਤੋਂ ਇਲਾਵਾ ਉਮੀਦਵਾਰ ਦਾ ਮੈਡੀਕਲ ਤੌਰ ’ਤੇ ਫਿੱਟ ਹੋਣਾ ਵੀ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਨੇ ਯੋਗ ਨੌਜਵਾਨਾਂ ਨੂੰ ਇਸ ਸੁਨਹਿਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਨਿਰਧਾਰਤ ਅਰਜ਼ੀ ਫਾਰਮ ਭਰ ਕੇ 30 ਜੂਨ 2026 ਜਾਂ ਇਸ ਤੋਂ ਪਹਿਲਾਂ ਈ-ਮੇਲ **[[email protected]](mailto:[email protected])** ’ਤੇ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸੰਸਥਾ ਦੇਸ਼ ਸੇਵਾ ਦਾ ਜਜ਼ਬਾ ਰੱਖਣ ਵਾਲੇ ਨੌਜਵਾਨਾਂ ਲਈ ਸੈਨਿਕ ਅਫ਼ਸਰ ਬਣਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਦਾਖਲਾ ਲੈਣ ਦੀ ਅਪੀਲ
