ਨਵਾਂਸ਼ਹਿਰ (ਦੇਸ ਰਾਜ ਬਾਲੀ):- ਸਥਾਨਕ ਸਮਾਜ ਸੇਵੀ ਸੰਸਥਾ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵੱਲੋਂ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ। ਸੋਸਾਇਟੀ ਦੀ ਮੀਟਿੰਗ ਤੋਂ ਬਾਅਦ ਇਸ ਦੇ ਮੁੱਖ ਅਹੁਦੇਦਾਰਾਂ ਪ੍ਰਧਾਨ ਜੇ.ਐਸ. ਗਿੱਦਾ, ਜਨਰਲ ਸਕੱਤਰ ਰਾਣਾ ਪਰਵਿੰਦਰ ਸਿੰਘ ਜੱਸੋਮਜਾਰਾ, ਵਿੱਤ ਸਕੱਤਰ ਬੀਰਬਲ ਤੱਖੀ, ਸਕੱਤਰ ਦੇਸ ਰਾਜ ਬਾਲੀ, ਪ੍ਰੈੱਸ ਸਕੱਤਰ ਨਰਿੰਦਰਪਾਲ ਤੂਰ ਅਤੇ ਬੁਲਾਰੇ ਮਾਸਟਰ ਨਰਿੰਦਰ ਸਿੰਘ ਭਾਰਟਾ ਨੇ ਕਿਹਾ ਕਿ ਮਾਨਸਾ ਵਿਖੇ ਨਸ਼ਿਆਂ ਨੂੰ ਰੋਕਣ ਲਈ ਕੰਮ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਦਿਨ-ਦਿਹਾੜੇ ਹੋਈ ਹੱਤਿਆ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਾ ਅਧਿਕਾਰ ਨਹੀਂ ਹੈ ਅਤੇ ਅਜਿਹੀਆਂ ਘਟਨਾਵਾਂ ਸਮਾਜ ਵਿੱਚ ਡਰ ਤੇ ਬੇਭਰੋਸਗੀ ਦਾ ਮਾਹੌਲ ਪੈਦਾ ਕਰਦੀਆਂ ਹਨ। ਅਹੁਦੇਦਾਰਾਂ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣਾ ਸਰਕਾਰ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ, ਕਿਉਂਕਿ ਹਜ਼ਾਰਾਂ ਨੌਜਵਾਨਾਂ ਨੂੰ ਬਚਾਉਣ ਲਈ ਨਸ਼ਾ ਵਿਰੋਧੀ ਲਹਿਰ ਖੜ੍ਹੀ ਕਰਨ ਵਾਲੇ ਇੱਕ ਅਸਲ ਸਮਾਜ ਸੇਵੀ ਨੇ ਆਪਣੀ ਜਾਨ ਵਾਰ ਦਿੱਤੀ ਹੈ।
ਸੋਸਾਇਟੀ ਵੱਲੋਂ ਅਪੀਲ ਕੀਤੀ ਗਈ ਕਿ ਦੁੱਖ ਦੀ ਇਸ ਘੜੀ ਵਿੱਚ ਅੰਦੋਲਨ ਕਰ ਰਹੀਆਂ ਸੰਗਤਾਂ ਇਨਸਾਫ਼ ਲੈਣ ਲਈ ਸ਼ਾਂਤਮਈ ਸੰਘਰਸ਼ ਦਾ ਰਸਤਾ ਹੀ ਅਪਣਾਉਣ। ਉਨ੍ਹਾਂ ਮੰਗ ਕੀਤੀ ਕਿ ਸੰਘਰਸ਼ ਕਮੇਟੀ ਦੀ ਮੰਗ ਅਨੁਸਾਰ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ।
