ਸੂਰਤ:- ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਵੀਰਵਾਰ ਨੂੰ ਇੱਕ ਕਢਾਈ ਕਾਰਖ਼ਾਨੇ ਵਾਲੀ ਇਮਾਰਤ 'ਚ ਅੱਗ ਲੱਗਣ ਕਰਕੇ ਗੈਸ ਸਿਲੰਡਰ ਫਟ ਗਏ , ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਨੌਂ ਹੋਰ ਜਖ਼ਮੀ ਗਏ।
ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 5.30 ਵਜੇ ਦੇ ਕਰੀਬ ਵਾਪਰੀ, ਜਦੋਂ ਕਪੋਦਰਾ ਇਲਾਕੇ ਦੇ ਭਰਤਨਗਰ ਵਿੱਚ ਰਚਨਾ ਸਰਕਲ ਨੇੜੇ ਸਥਿਤ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਅੱਗ ਲੱਗਣ ਤੋਂ ਬਾਅਦ ਦੋ ਸਿਲੰਡਰ ਫਟ ਗਏ।
ਉਨ੍ਹਾਂ ਦੱਸਿਆ ਕਿ ਇਮਾਰਤ ਵਿੱਚ ਕੁੱਲ ਅੱਠ ਗੈਸ ਸਿਲੰਡਰ ਰੱਖੇ ਹੋਏ ਸਨ, ਜਿਨ੍ਹਾਂ ਵਿੱਚੋਂ ਦੋ ਫਟ ਗਏ। ਅਧਿਕਾਰੀ ਨੇ ਕਿਹਾ, "ਜਿਵੇਂ ਹੀ ਘਟਨਾ ਦੀ ਸੂਚਨਾ ਮਿਲੀ, ਚਾਰ ਫਾਇਰ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ, ਜਿਨ੍ਹਾਂ ਵੱਲੋਂ ਅੱਗ ਉੱਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਇੱਕ ਐੱਲ.ਪੀ.ਜੀ. ਸਿਲੰਡਰ ਫਟ ਚੁੱਕਿਆ ਸੀ, ਜਿਸ ਕਾਰਨ ਅੱਗ ਹੋਰ ਫੈਲ ਗਈ।"
ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਮਾਰਤ ਦੀ ਤੀਜੀ ਮੰਜ਼ਿਲ ਨੂੰ ਢੱਕਣ ਵਾਲੀ ਇੱਕ ਸ਼ੀਟ ਤੋੜੀ ਅਤੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਭੇਜਿਆ। ਅਧਿਕਾਰੀ ਨੇ ਦੱਸਿਆ ਕਿ ਕੁੱਲ 11 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ। ਉਨ੍ਹਾਂ ਵਿੱਚੋਂ ਨੌਂ ਲੋਕ ਜਖ਼ਮੀ ਹੋ ਗਏ ਹਨ ਜਦਕਿ ਦੋ ਦੀ ਮੌਤ ਹੋ ਗਈ ਹੈ।