ਬੂਥਗੜ੍ਹ, 27 ਅਕਤੂਬਰ:- ਮੁੱਢਲਾ ਸਿਹਤ ਕੇਂਦਰ (ਪੀ.ਐਚ.ਸੀ.) ਬੂਥਗੜ੍ਹ ਅਧੀਨ ਆਉਂਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਅੱਜ ਸਫ਼ਾਈ ਸਰਗਰਮੀਆਂ ਕੀਤੀਆਂ ਗਈਆਂ। ਇਹ ਮੁਹਿੰਮ ਐਸ.ਐਮ.ਓ. ਡਾ. ਅਲਕਜੋਤ ਕੌਰ ਦੀ ਅਗਵਾਈ ਹੇਠ ਚਲਾਈ ਗਈ, ਜਿਸ ਦਾ ਮੁੱਖ ਉਦੇਸ਼ ਸਿਹਤ ਸੰਸਥਾਵਾਂ ਵਿੱਚ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਣ ਯਕੀਨੀ ਬਣਾਉਣਾ ਹੈ।
ਮੁਹਿੰਮ ਦੌਰਾਨ ਸਿਹਤ ਸੰਸਥਾਵਾਂ ਦੇ ਸਟਾਫ਼ ਵੱਲੋਂ ਸਿਹਤ ਕੇਂਦਰਾਂ ਦੇ ਅੰਦਰੂਨੀ ਅਤੇ ਬਾਹਰੀ ਖੇਤਰਾਂ ਦੀ ਸਫ਼ਾਈ ਕੀਤੀ ਗਈ। ਇਸ ਦੇ ਨਾਲ ਹੀ ਮਰੀਜ਼ਾਂ ਦੇ ਬੈਠਣ ਵਾਲੀਆਂ ਥਾਵਾਂ, ਦਫ਼ਤਰੀ ਕਮਰਿਆਂ, ਵਿਹੜਿਆਂ ਅਤੇ ਆਲੇ-ਦੁਆਲੇ ਦੇ ਖੇਤਰਾਂ ਨੂੰ ਸਾਫ਼ ਰੱਖਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਕੂੜੇ ਦੇ ਸਹੀ ਨਿਪਟਾਰੇ ਅਤੇ ਸਫ਼ਾਈ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਲਈ ਵੀ ਉਪਰਾਲੇ ਕੀਤੇ ਗਏ।
ਡਾ. ਅਲਕਜੋਤ ਕੌਰ ਨੇ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਸਫ਼ਾਈ ਬਣਾਈ ਰੱਖਣਾ ਸਿਹਤ ਵਿਭਾਗ ਦੀਆਂ ਮੁੱਖ ਤਰਜੀਹਾਂ ਵਿੱਚੋਂ ਇੱਕ ਹੈ। ਸਾਫ਼-ਸੁਥਰਾ ਵਾਤਾਵਰਣ ਮਰੀਜ਼ਾਂ ਅਤੇ ਸਿਹਤ ਕਰਮਚਾਰੀਆਂ ਲਈ ਬਿਹਤਰ ਮਾਹੌਲ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਨੂੰ ਸਿਰਫ਼ ਇੱਕ ਦਿਨ ਦੀ ਗਤੀਵਿਧੀ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਇਸ ਨੂੰ ਰੋਜ਼ਾਨਾ ਦੀ ਆਦਤ ਬਣਾਉਣਾ ਜ਼ਰੂਰੀ ਹੈ।
ਉਨ੍ਹਾਂ ਸਿਹਤ ਸੰਸਥਾਵਾਂ ਦੇ ਸਮੂਹ ਸਟਾਫ਼ ਨੂੰ ਆਪਣੇ ਕਾਰਜ ਖੇਤਰਾਂ ਦੀ ਨਿਯਮਤ ਸਫ਼ਾਈ ਯਕੀਨੀ ਬਣਾਉਣ ਅਤੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਧਿਆਨ ਰੱਖਣ ਅਤੇ ਜਨਤਕ ਥਾਵਾਂ ’ਤੇ ਕੂੜਾ ਨਾ ਸੁੱਟਣ।
