ਐਸ ਏ ਐਸ ਨਗਰ, 19 ਮਾਰਚ: ਮੁਹਾਲੀ ਪੁਲੀਸ ਵਲੋਂ ਕਰੋੜਾਂ ਰੁਪਏ ਆਪਣੇ ਖਾਤੇ ਵਿਚ ਜਮਾ ਕਰਵਾਉਣ ਅਤੇ ਪਾਟਨਰਸ਼ਿਪ ਵਿਚਲੇ ਇਕ ਪ੍ਰੋਜੈਕਟ ਦੀ ਜਮੀਨ ਦਾ ਅੱਗੇ ਕਿਸੇ ਹੋਰ ਨਾਲ ਸੌਦਾ ਕਰਕੇ ਪੈਸੇ ਲੈਣ ਦੇ ਮਾਮਲੇ ਵਿੱਚ ਹਰਵਿੰਦਰ ਸਿੰਘ ਨਾਮ ਦੇ ਇਕ ਵਿਅਕਤੀ ਜੋ ਮੁਹਾਲੀ ਦੇ ਸੈਕਟਰ 68 ਦਾ ਵਸਨੀਕ ਹੈ, ਦੇ ਖਿਲਾਫ ਥਾਣਾ ਸਿਟੀ ਕੁਰਾਲੀ ਵਿਖੇ ਧੋਖਾਧੜੀ ਦੀ ਧਾਰਾ 406, 420 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਸ਼ਿਕਾਇਤਕਰਤਾ ਰਾਹੁਲ ਸੈਣੀ ਵਾਸੀ ਫੇਜ਼ 5 ਮੁਹਾਲੀ ਨੇ ਐਸ. ਐਸ. ਪੀ. ਮੁਹਾਲੀ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਸ ਵਲੋਂ ਹਰਵਿੰਦਰ ਸਿੰਘ ਨਾਲ ਮਿਲ ਕੇ ਨਵੰਬਰ 2022 ਵਿੱਚ ਪਾਟਨਰਸ਼ਿਪ ਡੀਡ ਬਣਾ ਕੇ ਗੋਲਡਨ ਬਰਿਕਸ ਨਾਮ ਦੀ ਕੰਪਨੀ ਬਣਾਈ ਸੀ ਅਤੇ ਇਸ ਕੰਪਨੀ ਦਾ ਦਫਤਰ ਫੇਜ਼ 7 ਉਦਯੋਗਿਕ ਖੇਤਰ ਵਿਖੇ ਖੋਲਿਆ ਸੀ। ਰਾਹੁਲ ਸੈਣੀ ਮੁਤਾਬਕ ਇਸ ਕੰਪਨੀ ਦੇ ਪ੍ਰੋਜੈਕਟ ਵਿਚ ਉਸ ਦਾ 25 ਪ੍ਰਤੀਸ਼ਤ ਹਿੱਸਾ ਸੀ, ਜਦੋਂ ਕਿ ਹਰਵਿੰਦਰ ਸਿੰਘ ਦਾ 75 ਪ੍ਰਤੀਸ਼ਤ ਹਿੱਸਾ ਸੀ।
ਇਸ ਕੰਪਨੀ ਵਲੋਂ ਕੁਰਾਲੀ ਵਿਖੇ ਸਵਾ 10 ਏਕੜ ਜਮੀਨ ਖਰੀਦ ਕੇ ਕਮਰਸ਼ੀਅਲ ਪ੍ਰੋਜੈਕਟ ਸ਼ੁਰੂ ਕੀਤਾ ਸੀ। ਉਕਤ ਜਮੀਨ ਦੇ ਰੇਟ ਵਧ ਜਾਣ ਕਾਰਨ ਹਰਵਿੰਦਰ ਸਿੰਘ ਦੇ ਮਨ ਵਿਚ ਲਾਲਚ ਆ ਗਿਆ ਅਤੇ ਹਰਵਿੰਦਰ ਸਿੰਘ ਨੇ ਉਸ ਨੂੰ ਨੁਕਸਾਨ ਪਹੁੰਚਾਉਣ ਲਈ ਇਸ ਪ੍ਰੋਜੈਕਟ ਨੂੰ ਧੱਕੇਸ਼ਾਹੀ ਨਾਲ ਆਪਣੀ ਹੋਰ ਪਾਰਟਨਰਾਂ ਨਾਲ ਹਿੱਸੇਦਾਰੀ ਵਾਲੀ ਕੰਪਨੀ ਨਿਫਟੀ ਅਧੀਨ ਕਰਕੇ ਅਣਅਧਿਕਾਰਤ ਤੌਰ ਤੇ ਕਬਜਾ ਲਿਆ ਅਤੇ ਇਹ ਪ੍ਰੋਜੈਕਟ ਨਿਫਟੀ ਕੰਪਨੀ ਦਾ ਹੋਣ ਬਾਰੇ ਦੱਸ ਕੇ ਪ੍ਰਮੋਸ਼ਨ ਕਰਨੀ ਸ਼ੁਰੂ ਕਰ ਦਿੱਤੀ। 
ਇਸ ਤੋਂ ਇਲਾਵਾ ਹਰਵਿੰਦਰ ਸਿੰਘ ਨੇ ਬਿਨਾਂ ਦੱਸੇ ਕੰਪਨੀ ਦੇ ਬੈਂਕ ਖਾਤਿਆਂ ਤੋਂ ਆਪਣੇ ਨਿੱਜੀ ਖਾਤੇ ਵਿਚ ਕਰੋੜਾਂ ਰੁਪਏ ਟਰਾਂਸਫਰ ਕਰਵਾ ਲਏ। ਸ਼ਿਕਾਇਤਕਰਤਾ ਅਨੁਸਾਰ ਹਰਵਿੰਦਰ ਸਿੰਘ ਨੇ ਪ੍ਰੋਜੈਕਟ ਵਾਲੀ 9 ਕਨਾਲ 12 ਮਰਲੇ ਜਮੀਨ ਦਾ ਸੌਦਾ ਅਮਰੀਕ ਸਿੰਘ ਨਾਮ ਦੇ ਵਿਅਕਤੀ ਨਾਲ ਕਰਕੇ 1 ਕਰੋੜ 20 ਲੱਖ ਰੁਪਏ ਬਤੌਰ ਬਿਆਨੇ ਵਜੋਂ ਲੈ ਕੇ ਹੜੱਪ ਲਏ।
ਐਸ. ਐਸ. ਪੀ. ਮੁਹਾਲੀ ਵਲੋਂ ਇਸ ਮਾਮਲੇ ਦੀ ਜਾਂਚ ਇਕ ਉੱਚ ਅਧਿਕਾਰੀ ਨੂੰ ਸੌਂਪੀ ਗਈ ਸੀ ਅਤੇ ਪੁਲੀਸ ਜਾਂਚ ਵਿਚ ਸਾਹਮਣੇ ਆਇਆ ਕਿ ਰਾਹੁਲ ਸੈਣੀ ਅਤੇ ਹਰਵਿੰਦਰ ਸਿੰਘ ਵਿਚਕਾਰ ਪ੍ਰੋਜੈਕਟ ਨੂੰ ਲੈ ਕੇ ਜਦੋਂ ਵਿਵਾਦ ਹੋਇਆ ਤਾਂ ਰਾਹੁਲ ਸੈਣੀ ਨੇ ਹਰਵਿੰਦਰ ਸਿੰਘ ਖਿਲਾਫ ਅਦਾਲਤ ਵਿਚ ਕੇਸ ਦਾਇਰ ਕਰ ਦਿੱਤਾ ਅਤੇ ਅਦਾਲਤ ਨੇ ਇਸ ਪ੍ਰੋਜੈਕਟ ਤੇ ਸਟੇਅ ਕਰ ਦਿੱਤੀ। 
ਹਰਵਿੰਦਰ ਸਿੰਘ ਵਲੋਂ ਇਸ ਪ੍ਰੋਜੈਕਟ ਨੂੰ ਨਿਫਟੀ ਗਰੁਪ ਦੇ ਬੈਨਰ ਹੇਠ ਕਮਰਸ਼ੀਅਲ ਪ੍ਰੋਜੈਕਟ ਨੂੰ ਰਿਹਾਇਸ਼ੀ ਪ੍ਰੋਜੈਕਟ ਦੱਸ ਕੇ ਸੋਸ਼ਲ ਮੀਡੀਆ ਰਾਹੀਂ ਬੁਕਿੰਗ ਮੰਗਣੀ ਵੀ ਸ਼ੁਰੂ ਕਰ ਦਿੱਤੀ ਅਤੇ 2 ਅਜਿਹੇ ਵਿਅਕਤੀਆਂ ਦੇ ਨਾਮ ਪ੍ਰੋਜੈਕਟ ਦੇ ਬੈਨਰ ਤੇ ਲਿਖ ਦਿੱਤੇ ਜਿਨ੍ਹਾਂ ਦਾ ਇਸ ਪ੍ਰੋਜੈਕਟ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਇਸ ਮਾਮਲੇ ਵਿੱਚ ਪੁਲੀਸ ਵਲੋਂ ਹਰਵਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਜਰ ਲਿਆ ਗਿਆ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਠੱਗੀ ਦੇ ਇਸ ਮਾਮਲੇ ਵਿੱਚ ਉਸਦੇ ਨਾਲ ਹੋਰ ਕੌਣ ਕੌਣ ਸ਼ਾਮਿਲ ਸੀ। ਪੁਲੀਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।