ਪਟਿਆਲਾ, 4 ਜਨਵਰੀ:- ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫਾਰਮ (ਆਈਡੀਪੀ)  ਵੱਲੋਂ ਸੂਬਾ ਪੱਧਰੀ  ਇਕੱਤਰਤਾ ਇੱਥੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਕੀਤੀ ਗਈ। ਜਿਸ ਵਿੱਚ ਆਈ ਡੀ ਪੀ ਦੇ ਸੀਨੀਅਰ ਆਗੂ ਤੇ ਉਘੇ ਚਿੰਤਕ ਹਮੀਰ ਸਿੰਘ, ਕਰਨੈਲ ਸਿੰਘ ਜਖੇਪਲ, ਦਰਸ਼ਨ ਸਿੰਘ ਧਨੇਠਾ, ਗੁਰਮੀਤ ਸਿੰਘ ਥੂਹੀ, ਫਲਜੀਤ ਸਿੰਘ ਸੰਗਰੂਰ, ਮਨਪ੍ਰੀਤ ਕੌਰ ਰਾਜਪੁਰਾ ,  ਰਾਜ ਕੁਮਾਰ ਕਨਸੂਹਾ, ਕੁਲਵਿੰਦਰ ਕੌਰ ਰਾਮਗੜ੍ਹ ਨੇ ਸਮੂਲੀਅਤ ਕੀਤੀ। 
 ਇਸ ਮੌਕੇ ਪੰਜਾਬ ਦੇ ਵੱਖ ਵੱਖ ਜਿਲੇ ਤੋਂ ਆਏ ਆਗੂਆਂ ਨੂੰ ਸੰਬੋਧਨ ਕਰਦਿਆਂ ਹਮੀਰ ਸਿੰਘ,  ਦਰਸ਼ਨ ਸਿੰਘ ਧਨੇਠਾ, ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਨੂੰ ਖਤਮ ਕਰਕੇ ਵੀ ਬੀ ਜੀ ਰਾਮ ਜੀ ਬਣਾ ਕੇ ਗਰੀਬ ਲੋਕਾਂ ਦੇ ਰਿਜਕ ਤੇ ਵੱਡਾ ਹਮਲਾ ਕੀਤਾ ਹੈ। ਪਹਿਲਾਂ ਹੀ ਰਾਜਾਂ ਦੇ ਅਧਿਕਾਰਾਂ ਨੂੰ ਖੋਹ ਰਹੀ ਮੋਦੀ ਸਰਕਾਰ ਨੇ ਨਵੇਂ ਕਾਨੂੰਨ ਵਿੱਚ ਰਾਜਾਂ ਦਾ ਹਿੱਸਾ 10 ਪ੍ਰਤੀਸ਼ਤ ਤੋਂ ਵਧਾ ਕੇ 40 ਪ੍ਰਤੀਸ਼ਤ ਕਰਕੇ ਫੈਡਰਲਿਜ਼ਮ ਨੂੰ ਵੱਡੀ ਸੱਟ ਮਾਰੀ ਹੈ ਅਤੇ ਗ੍ਰਾਮ ਸਭਾਵਾਂ ਦੇ ਹੱਕਾਂ ਨੂੰ ਖੋਹ ਕੇ ਲੋਕਤੰਤਰ ਦਾ ਵੱਡਾ ਘਾਣ ਕਰ ਰਹੀ ਹੈ । 
ਆਗੂਆਂ ਨੇ ਅੱਗੇ ਕਿਹਾ ਕਿ ਕਾਨੂੰਨ ਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਪਾਸ ਕਰਨ ਦਾ ਤਰੀਕਾ ਤਾਨਾਸ਼ਾਹੀ ਵਾਲਾ ਰਿਹਾ ਹੈ । ਲੋਕਾਂ ਦੀ ਆਵਾਜ਼ ਨੂੰ ਸੁਣਨ ਲਈ ਕੋਈ ਤਰਜੀਹ ਨਹੀਂ ਦਿੱਤੀ ਗਈ ਅਤੇ ਨਾ ਹੀ ਕਾਨੂੰਨ ਨੂੰ ਦੇਸ਼ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਛਾਪ ਕੇ ਲੋਕਾਂ ਵਿੱਚ ਦਿੱਤਾ ਗਿਆ ਹੈ ਇਸੇ ਕਰਕੇ ਇਸ ਕਾਨੂੰਨ ਨੂੰ ਲੈ ਕੇ ਲੋਕਾਂ ਚ ਭਰਮ ਭੁਲੇਖੇ ਪੈਦਾ ਕਰਕੇ ਸਰਕਾਰ ਗਰੀਬ ਲੋਕਾਂ ਦੇ ਰਿਜ਼ਕ ਤੇ ਲੱਤ ਮਾਰ ਰਹੀ ਹੈ। 
ਆਗੂਆਂ ਨੇ ਅੱਗੇ ਕਿਹਾ ਕਿ ਮਨਰੇਗਾ ਕਾਨੂੰਨ ਦੇਸ਼ ਦੇ ਹਰ ਮਜ਼ਦੂਰ ਨੂੰ 100 ਦਿਨ ਦੇ ਰੁਜ਼ਗਾਰ ਦਾ ਕਾਨੂੰਨੀ ਹੱਕ ਦਿੰਦਾ ਹੈ। ਨਵੇਂ ਕਾਨੂੰਨ ਨੇ ਇਹ ਹੱਕ ਖੋਹ ਲਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਮੋਦੀ ਸਰਕਾਰ ਵੀ ਬੀ ਜੀ ਰਾਮ ਜੀ ਨੂੰ ਤੁਰੰਤ ਵਾਪਸ ਲਵੇ  ਅਤੇ ਮਨਰੇਗਾ ਨੂੰ ਬਹਾਲ ਕਰੇ। ਆਈਡੀਪੀ ਨੇ ਵੀ ਬੀ ਜੀ ਰਾਮ ਜੀ ਕਾਨੂੰਨ ਦਾ ਪੰਜਾਬੀ ਅਨੁਵਾਦ ਕਰਵਾ ਕੇ ਅਤੇ ਇਸ ਦੇ ਪੈਣ ਵਾਲੇ ਪ੍ਰਭਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਛਪਾਇਆ ਮੈਗਜੀਨ ਅੱਜ ਰਿਲੀਜ਼ ਵੀ ਕੀਤਾ ਗਿਆ। ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਨੂੰ ਵੰਡਿਆ ਜਾਵੇਗਾ।
 ਇਸ ਮੌਕੇ ਸੰਬੋਧਨ ਕਰਦਿਆਂ ਤਰਲੋਚਨ ਸਿੰਘ ਸੂਲਰ ਘਰਾਟ, ਤਾਰਾ ਸਿੰਘ ਫੱਗੂਵਾਲ , ਰਾਮ ਲਾਲ ਸੰਗਰੂਰ, ਕ੍ਰਿਸਨ ਲੁਬਾਣਾ ਲਖਵੀਰ ਸਿੰਘ ਲਾਡੀ ਨੇ ਸੰਬੋਧਨ ਕਰਦਿਆਂ  ਕਿਹਾ ਕਿ ਸਿੱਖਿਆ ਦਾ ਅਧਿਕਾਰ ਕਾਨੂੰਨ ਨਵੀਂ ਸਿੱਖਿਆ ਨੀਤੀ ਤਹਿਤ ਲਗਭਗ ਖਤਮ ਕਰ ਦਿੱਤਾ ਹੈ। 
ਇਸੇ ਤਰ੍ਹਾਂ ਬਿਜਲੀ ਬਿੱਲ, ਬੀਜ ਬਿਲ,  ਡੈਮ ਸੇਫਟੀ ਬਿੱਲ, ਖੇਤੀ ਨਾਲ ਸੰਬੰਧਿਤ ਤਿੰਨ ਕਾਲੇ ਕਾਨੂੰਨ, 25 ਲੇਬਰ ਕਾਨੂੰਨਾਂ  ਨੂੰ ਚਾਰ ਲੇਬਰ ਕੋਡਾਂ ਵਿੱਚ ਬਦਲਣ, ਪਾਣੀ ਦਾ ਪ੍ਰਦੂਸ਼ਣ ਕਰਨ ਵਾਲਿਆਂ ਨੂੰ ਸਜ਼ਾ ਖਤਮ ਕਰਕੇ ਕੇਵਲ ਜੁਰਮਾਨੇ ਤੱਕ ਸੀਮਤ ਕਰਨ, ਧਾਰਾ 370 ਨੂੰ ਖਤਮ ਕਰਕੇ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਦੀ ਰਾਖੀ ਕਰਦੀ ਆ ਰਹੀ ਹੈ। ਇਸ ਮੌਕੇ ਲਖਵੀਰ ਸਿੰਘ,  ਕਰਮ ਸਿੰਘ ਵਜੀਦਪੁਰ, ਰਾਜ ਕੌਰ ਥੂਹੀ, ਸੁਨੀਤਾ ਕੈਦੂਪੁਰ, ਹਰਪਾਲ ਕੌਰ ਟਿੱਬੀ ਸੁਨਾਮ ਆਦਿ ਨੇ ਵੀ ਸੰਬੋਧਨ ਕੀਤਾ।