ਮੋਕਵੀ:- ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਪਾਕਿਸਤਾਨ ਵਿਰੁੱਧ 19 ਗੋਲ ਕਰਕੇ ਇਤਿਹਾਸਕ ਜਿੱਤ ਦਰਜ ਕੀਤੀ। ਪਾਕਿਸਤਾਨੀ ਟੀਮ ਇੱਕ ਵੀ ਗੋਲ ਕਰਨ ਵਿੱਚ ਨਾਕਾਮ ਰਹੀ। ਇਹ ਮਹਿਲਾ ਜੂਨੀਅਰ ਹਾਕੀ ਵਿੱਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ।
ਵੀਰਵਾਰ ਨੂੰ ਜੂਨੀਅਰ ਏਸ਼ੀਆ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਮੌਜੂਦਾ ਚੈਂਪੀਅਨ ਭਾਰਤ ਨੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਭਾਰਤ ਨੇ ਪਹਿਲੇ ਹਾਫ ਵਿੱਚ 10 ਅਤੇ ਦੂਜੇ ਹਾਫ ਵਿੱਚ 9 ਗੋਲ ਕੀਤੇ। ਪੂਜਾ ਮਲਿਕ ਨੇ ਭਾਰਤ ਲਈ ਹੈਟ੍ਰਿਕ ਲਗਾਈ। ਸਾਨਿਕਾ ਚੰਦਰਕਾਂਤ ਮਾਨੇ, ਮਧੂ ਸਿਦਾਰ, ਸੁਪਰੀਆ ਅਤੇ ਰੋਸ਼ਨੀ ਆਇੰਦ ਨੇ ਦੋ-ਦੋ ਗੋਲ ਕੀਤੇ। 
ਭਾਰਤ ਨੇ ਪਹਿਲੇ ਹੀ ਕੁਆਰਟਰ ਵਿੱਚ ਪੰਜ ਗੋਲ ਕੀਤੇ; ਪੂਜਾ ਸਾਹੂ ਨੇ 7ਵੇਂ ਮਿੰਟ ਵਿੱਚ ਗੋਲ ਕਰਕੇ ਖਾਤਾ ਖੋਲ੍ਹਿਆ, ਜਿਸ ਤੋਂ ਬਾਅਦ ਰੋਸ਼ਨੀ ਆਇੰਦ (9ਵੇਂ), ਤਨੁਸ਼੍ਰੀ ਦਿਨੇਸ਼ ਕਾਡੂ (11ਵੇਂ), ਸੁਖਵੀਰ ਕੌਰ (13ਵੇਂ) ਅਤੇ ਸਾਨਿਕਾ ਮਾਨੇ (13ਵੇਂ) ਨੇ ਗੋਲ ਕੀਤੇ। ਦੂਜੇ ਕੁਆਰਟਰ ਵਿੱਚ ਮਧੂ ਸਿਦਾਰ, ਗੀਤਾ ਯਾਦਵ, ਸਾਨਿਕਾ ਮਾਨੇ, ਤਨੁਜਾ ਟੋਪੋ ਅਤੇ ਪੂਜਾ ਮਲਿਕ ਨੇ ਗੋਲ ਕੀਤੇ, ਜਿਸ ਨਾਲ ਹਾਫ-ਟਾਈਮ ਤੱਕ ਭਾਰਤ ਨੂੰ 10-0 ਦੀ ਬੜ੍ਹਤ ਮਿਲ ਗਈ। 
ਤੀਜੇ ਕੁਆਰਟਰ ਵਿੱਚ ਪੂਰਨਿਮਾ ਯਾਦਵ, ਮਧੂ ਸਿਦਾਰ ਅਤੇ ਸੁਪਰੀਆ ਨੇ ਗੋਲ ਕੀਤੇ। ਆਖਰੀ ਕੁਆਰਟਰ ਵਿੱਚ ਕ੍ਰਿਸ਼ਨਾ ਸ਼ਰਮਾ, ਪੂਜਾ ਮਲਿਕ, ਸੁਪਰੀਆ, ਬਿਨੀਮਾ ਧਨ ਅਤੇ ਰੋਸ਼ਨੀ ਆਇੰਦ ਨੇ ਗੋਲ ਕੀਤੇ। ਪੂਜਾ ਮਲਿਕ ਨੇ 49ਵੇਂ ਅਤੇ 51ਵੇਂ ਮਿੰਟ ਵਿੱਚ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ, ਜਦਕਿ ਰੋਸ਼ਨੀ ਨੇ 60ਵੇਂ ਮਿੰਟ ਵਿੱਚ ਭਾਰਤ ਦਾ 19ਵਾਂ ਗੋਲ ਕੀਤਾ।