ਮਾਹਿਲਪੁਰ: ਬਾਲ ਸਾਹਿਤ ਦੇ ਖੇਤਰ ਵਿੱਚ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਸਰਗਰਮ ਭੂਮਿਕਾ ਨਿਭਾਉਣ ਵਾਲੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੂੰ ਸ਼ਾਨਦਾਰ ਸੇਵਾਵਾਂ ਲਈ ਪੰਜਾਬ ਭਵਨ ਸਰੀ (ਕੈਨੇਡਾ) ਅਤੇ ਨਵੀਆਂ ਕਲਮਾਂ ਨਵੀਂ ਉਡਾਣ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। 
ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕੇ ਬਲਜਿੰਦਰ ਮਾਨ ਵਰਗੇ ਸਮਰਪਤ ਸਾਹਿਤਕਾਰਾਂ ਦੀ ਸਾਡੇ ਸਮਾਜ ਨੂੰ ਵਿਸ਼ੇਸ਼ ਲੋੜ ਹੈ ਜਿਹੜੇ ਨਵੀਂ ਪਨੀਰੀ ਦੀ ਅਗਵਾਈ ਕਰਕੇ ਸਾਹਿਤਕ ਅਤੇ ਸਮਾਜਿਕ ਖੇਤਰ ਵਿੱਚ ਕਾਮਯਾਬੀ ਦੀਆਂ ਲੀਹਾਂ ਪ੍ਰਧਾਨ ਕਰਦੇ ਹਨ। ਉਹਨਾਂ ਅੱਗੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਦੇ ਨਿਰੰਤਰ ਪ੍ਰਕਾਸ਼ਨ ਨਾਲ ਦੇਸ਼ ਵਿਦੇਸ਼ ਵਿੱਚ ਪੰਜਾਬੀ ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾ ਰਿਹਾ ਹੈ।
 ਜਿਸ ਨਾਲ ਬੱਚੇ ਜਿੱਥੇ ਆਪਣੀ ਮਾਤ ਭਾਸ਼ਾ ਨਾਲ ਜੁੜ ਰਹੇ ਹਨ ਉੱਥੇ ਉਚੇਰੀਆਂ ਕਦਰਾਂ ਕੀਮਤਾਂ ਵੀ ਸਿੱਖ ਰਹੇ ਹਨ। ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਵੀ ਉਹਨਾਂ ਵੱਲੋਂ ਪਾਏ ਵਿਸ਼ੇਸ਼ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਗਈ। ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਅਤੇ ਐਕਟਰੈੱਸ ਬਲਜੀਤ ਸ਼ਰਮਾ ਵੱਲੋਂ ਬਲਜਿੰਦਰ ਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਬਲਜਿੰਦਰ ਮਾਨ ਦੀਆਂ ਸਾਹਿਤਕ ਕਿਰਤਾਂ ਦੀ ਚਰਚਾ ਕਰਦਿਆਂ ਕਿਹਾ ਕਿ ਬਾਲ ਸਾਹਿਤ ਦੇ ਨਾਲ ਨਾਲ ਸਮਾਜਿਕ, ਸਿੱਖਿਆ ਅਤੇ ਖੇਡ ਜਗਤ ਵਿੱਚ ਵੀ 21 ਪੁਸਤਕਾਂ ਦੀ ਸਿਰਜਣਾ, ਸੱਤ ਦਾ ਅਨੁਵਾਦ ਅਤੇ 35 ਦਾ ਸੰਪਾਦਨ ਕਰਕੇ ਸ਼ਾਨਦਾਰ ਪੈੜਾਂ ਪਾਈਆਂ ਹਨ। 
ਬਲਜਿੰਦਰ ਮਾਨ ਵੱਲੋਂ ਆਪਣੀਆਂ ਪੁਸਤਕਾਂ ਦਾ ਸੈੱਟ ਪੰਜਾਬ ਭਵਨ ਸਰੀ ਦੀ ਲਾਇਬਰੇਰੀ ਵਾਸਤੇ ਭੇਟ ਕੀਤਾ ਗਿਆ। ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰ ਹੋਏ ਸਾਹਿਤਕਾਰ ਪ੍ਰਦੀਪ ਰਾਜੂ ਦਾ ਵੀ ਮਾਣ ਸਨਮਾਨ ਕੀਤਾ ਗਿਆ। ਸਨਮਾਨ ਸਮਾਰੋਹ ਵਿੱਚ ਸਤੀਸ਼ ਜੌੜਾ,ਬਲਜੀਤ ਸਿੰਘ ,ਪ੍ਰਦੀਪ ਸਿੰਘ ਮੌਜੀ ,ਬੱਗਾ ਸਿੰਘ ਆਰਟਿਸਟ, ਸੁਖਮਨ ਸਿੰਘ ,ਹਰਵੀਰ ਮਾਨ, ਹਰਮਨਪ੍ਰੀਤ ਕੌਰ ਅਤੇ ਪ੍ਰਿੰ. ਮਨਜੀਤ ਕੌਰ ਸਮੇਤ ਸਾਹਿਤ ਪ੍ਰੇਮੀ ਸ਼ਾਮਿਲ ਹੋਏ।