ਨਵਾਂਸ਼ਹਿਰ:- ਉੱਤਰੀ ਭਾਰਤ ਦੇ ਪ੍ਰਮੁੱਖ ਸਿੱਧ ਪੀਠ ਬਾਬਾ ਬਾਲਕ ਨਾਥ ਮੰਦਰ, ਦਿਓਟਸਿੱਧ ਦੇ ਵਿਹੜੇ ਦੀ ਤਸਵੀਰ ਹੁਣ ਪੂਰੀ ਤਰ੍ਹਾਂ ਬਦਲਣ ਜਾ ਰਹੀ ਹੈ। ਬਾਬਾ ਬਾਲਕ ਨਾਥ ਟਰੱਸਟ ਲਈ ਟੂਰਿਜ਼ਮ ਵਿਭਾਗ ਵੱਲੋਂ ਏਸ਼ੀਅਨ ਡਿਵੈਲਪਮੈਂਟ ਬੈਂਕ (ADB) ਦੇ ਸਹਿਯੋਗ ਨਾਲ ਇੱਕ ਵੱਡਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ।
ਇਸ ਸਬੰਧ ਵਿੱਚ ਉਪ-ਮੰਡਲ ਅਧਿਕਾਰੀ (ਨਾਗਰਿਕ), ਜਿਸ ਫਰਮ ਨੂੰ ਟੈਂਡਰ ਮਿਲਿਆ ਹੈ ਉਸਦੇ ਨੁਮਾਇੰਦੇ, ਠੇਕੇਦਾਰ ਅਤੇ ਕਾਂਗਰਸ ਨੇਤਾ ਸੁਭਾਸ਼ ਢਟਵਾਲੀਆ ਵੱਲੋਂ ਮੰਦਰ ਪਰਿਸਰ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਆਉਣ ਵਾਲੇ ਕੰਮ ਦੀ ਰੂਪਰੇਖਾ ਵੀ ਤਿਆਰ ਕੀਤੀ ਗਈ।
 ਪ੍ਰੋਜੈਕਟ ਤਹਿਤ ਬਕਰਾ ਸਥਾਨ ਦੇ ਕੋਲ ਸਥਿਤ ਸਤਸੰਗ ਹਾਲ ਨੂੰ ਡਿਸਮੈਂਟਲ ਕਰਕੇ ਨਵੇਂ ਨਿਰਮਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸਦੇ ਨਾਲ ਹੀ ਲੰਗਰ ਹਾਲ ਦੇ ਨੇੜੇ ਬਣੀ ਇਮਾਰਤ ਨੂੰ ਵੀ ਹਟਾ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਚੈਤਰ ਮਾਸ ਮੇਲਾ 13 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਮੇਲੇ ਤੋਂ ਪਹਿਲਾਂ ਜਿੰਨਾ ਸੰਭਵ ਹੋ ਸਕੇ ਉਤਨਾ ਕੰਮ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇਸ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਬਾਬਾ ਜੀ ਦੇ ਦਰਸ਼ਨਾਂ ਲਈ ਪਹੁੰਚਦੇ ਹਨ।
 ਟਰੱਸਟ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਨਿਰਮਾਣ ਕਾਰਜਾਂ ਕਾਰਨ ਪਰਿਸਰ ਵਿੱਚ ਥਾਂ ਦੀ ਕਮੀ ਰਹੇਗੀ, ਜਿਸ ਕਰਕੇ ਸ਼ਰਧਾਲੂਆਂ ਦੀ ਸੁਵਿਧਾ ਲਈ ਭੀੜ ਨੂੰ ਨਿਯੰਤਰਿਤ ਕਰਨਾ ਪਵੇਗਾ। ਖ਼ਾਸ ਤੌਰ ’ਤੇ ਸ਼ਨੀਵਾਰ ਅਤੇ ਐਤਵਾਰ ਨੂੰ ਭੀੜ ਕਾਫ਼ੀ ਵੱਧ ਰਹਿੰਦੀ ਹੈ।
ਗੌਰਤਲਬ ਹੈ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਗੁਫ਼ਾ ਵੱਲ ਜਾਣ ਵਾਲਾ ਰਸਤਾ ਚੌੜਾ ਕੀਤਾ ਗਿਆ, ਜਿਸ ਨਾਲ ਸ਼ਰਧਾਲੂਆਂ ਨੂੰ ਵੱਡੀ ਸੁਵਿਧਾ ਮਿਲੀ ਹੈ। ਇਸ ਕੰਮ ਲਈ ਟਰਸਟੀ ਇੰਜੀਨੀਅਰ ਰਾਜੇਸ਼ ਬਣਿਆਲ ਦੇ ਯਤਨ ਕਾਫ਼ੀ ਸਰਾਹਣਯੋਗ ਮੰਨੇ ਜਾ ਰਹੇ ਹਨ।
ਠੇਕੇਦਾਰ ਸੰਜੀਵ ਸੂਦ ਨੇ ਦੱਸਿਆ ਕਿ ਕੰਮ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਯਤਨ ਜਾਰੀ ਹਨ ਅਤੇ ਇਹ ਪ੍ਰੋਜੈਕਟ ਮਈ 2027 ਤੱਕ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰ ਲਿਆ ਜਾਵੇਗਾ।