ਅੰਬਾਲਾ, 12 ਜਨਵਰੀ:- ਅੰਬਾਲਾ ਸ਼ਹਿਰ ਦੇ ਬਲਦੇਵ ਨਗਰ ਥਾਣੇ ਵਿੱਚ ਇੱਕ ਨੌਜਵਾਨ ਵੱਲੋਂ ਆਪਣੀ ਕਾਰ ਵਿਚ ਤਿੰਨ ਗੈਸ ਸਿਲੰਡਰ ਰੱਖ ਕੇ ਉਸ ਨੂੰ ਅੱਗ ਲਾਉਣ ਅਤੇ ਧਮਾਕਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਮੌਕੇ ਸਿਰ ਅੱਗ ਬੁਝਾ ਕੇ ਨੌਜਵਾਨ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਜਿਸ ਸਮੇਂ ਇਹ ਕਾਰ ਥਾਣੇ ਵਿਚ ਖੜ੍ਹੀ ਕੀਤੀ ਗਈ ਉਸ ਸਮੇਂ ਲਗਭਗ 250 ਪੁਲੀਸ ਮੁਲਾਜ਼ਮ ਗਣਤੰਤਰ ਦਿਵਸ ਦੀ ਤਿਆਰੀ ਦੇ ਸਬੰਧ ਵਿਚ ਹਵਾਈ ਸੈਨਾ ਸਟੇਸ਼ਨ ਦੇ ਨੇੜੇ ਧੂਲਕੋਟ ਵਿਚ ਤਲਾਸ਼ੀ ਮੁਹਿੰਮ ਚਲਾ ਰਹੇ ਸਨ।
ਜਾਣਕਾਰੀ ਅਨੁਸਾਰ ਨੌਜਵਾਨ ਨੇ ਆਪਣੀ ਕਾਰ ਵਿਚ ਤਿੰਨ ਛੋਟੇ ਗੈਸ ਸਿਲੰਡਰ ਰੱਖ ਕੇ ਥਾਣੇ ਵਿਚ ਪਾਰਕ ਕੀਤੀ ਅਤੇ ਭੱਜ ਗਿਆ। ਜਲਨਸ਼ੀਲ ਪਦਾਰਥ ਨੂੰ ਸਿਰਫ਼ ਪੰਜ ਮਿੰਟਾਂ ਵਿੱਚ ਹੀ ਅੱਗ ਲੱਗ ਗਈ। ਖ਼ੁਸ਼ਕਿਸਮਤੀ ਨਾਲ ਪੁਲੀਸ ਮੁਲਜ਼ਮਾਂ ਨੇ ਸਮੇਂ ਸਿਰ ਅੱਗ 'ਤੇ ਕਾਬੂ ਪਾ ਲਿਆ ਨਹੀਂ ਤਾਂ ਜੇ ਅੱਗ ਗੈਸ ਸਿਲੰਡਰਾਂ ਤੱਕ ਪਹੁੰਚ ਜਾਂਦੀ ਤਾਂ ਥਾਣੇ ਵਿਚ ਵੱਡਾ ਧਮਾਕਾ ਹੋ ਸਕਦਾ ਸੀ। ਕਾਰ ਦੀ ਨੰਬਰ ਪਲੇਟ ਅਤੇ ਦੋਸ਼ੀ ਸੀਸੀਟੀਵੀ ਕੈਮਰੇ ਵਿਚ ਕੈਦ ਹੋਣ ਦੇ ਬਾਵਜੂਦ ਘਟਨਾ ਦੇ ਕਈ ਘੰਟੇ ਬਾਅਦ ਵੀ ਪੁਲੀਸ ਅਜੇ ਥਾਣੇ ਵਿਚ ਧਮਾਕਾ ਕਰਨ ਦੀ ਸਾਜਿਸ਼ ਘੜਨ ਵਾਲੇ ਤੱਕ ਨਹੀਂ ਪਹੁੰਚ ਸਕੀ। ਮਾਮਲਾ ਗੰਭੀਰ ਹੋਣ ਕਰਕੇ  ਐਸਟੀਐਫ ਅੰਬਾਲਾ, ਸੀਆਈਏ 1-2 ਅਤੇ ਥਾਣੇ ਦੀਆਂ ਪੁਲੀਸ ਟੀਮਾਂ ਇਸ ਦੀ ਜਾਂਚ ਕਰ ਰਹੀਆਂ ਹਨ।
ਬਲਦੇਵ ਨਗਰ ਥਾਣੇ ਦੇ ਮੁਲਾਜ਼ਮਾਂ ਨੇ ਇਹ ਮੰਨ ਕੇ ਪਹਿਲਾਂ ਅੱਗ ਬੁਝਾ ਦਿੱਤੀ ਕਿ ਇਹ ਸ਼ਾਰਟ ਸਰਕਟ ਨਾਲ ਲੱਗੀ ਹੋਵੇਗੀ ਪਰੰਤੂ ਜਦੋਂ ਉਨ੍ਹਾਂ ਨੇ ਕਾਰ ਮਾਲਕ ਦੀ ਭਾਲ ਕੀਤੀ ਤਾਂ ਕੋਈ ਨਹੀਂ ਮਿਲਿਆ। ਫਿਰ ਥਾਣੇ ਵਿਚ ਖੜ੍ਹੀ ਸ਼ੱਕੀ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਅੰਬਾਲਾ ਦੇ ਐਸ.ਪੀ ਨੂੰ ਦਿੱਤੀ ਗਈ ਤਾਂ ਸਾਰਾ ਪੁਲੀਸ ਤੰਤਰ ਹਰਕਤ ਵਿਚ ਆ ਗਿਆ। ਐਸਟੀਐਫ ਅਤੇ ਬੰਬ ਸਕੂਐਡ ਨੇ ਕਾਰ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ। 
ਸੰਭਾਵੀ ਧਮਾਕੇ ਦੇ ਡਰੋਂ ਬੰਬ ਸਕੂਐਡ ਤੋਂ ਇਲਾਵਾ ਇੱਕ ਮਕੈਨਿਕ ਨੂੰ ਵੀ ਬੁਲਾਇਆ ਗਿਆ ਅਤੇ ਕਾਰ ਦੇ ਹਰ ਹਿੱਸੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਧਮਾਕਾਖ਼ੇਜ਼ ਸਮਗਰੀ ਦੀ ਭਾਲ ਵਿਚ ਕਾਰ ਦੀਆਂ ਸੀਟਾਂ ਪਾੜ ਦਿੱਤੀਆਂ ਗਈਆਂ ਅਤੇ ਟਾਇਰਾਂ ਦੀ ਹਵਾ ਵੀ ਕੱਢ ਦਿੱਤੀ ਗਈ। ਰਾਤ 12 ਵਜੇ ਤੋਂ ਬਾਅਦ ਕਾਰ ਗੋਦਾਮ ਕੰਪਲੈਕਸ ਵਿੱਚ ਖੜ੍ਹੀ ਕਰ ਦਿੱਤੀ ਗਈ।
ਅੱਗ ਬੁਝਾਉਣ ਤੋਂ ਬਾਅਦ ਜਦੋਂ ਪੁਲੀਸ ਨੇ ਮਾਰੂਤੀ 800 (DL 3 CAZ 6651) ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਕਾਰ ਦੱਖਣੀ ਦਿੱਲੀ ਦੇ ਸ਼ੇਖ ਸਰਾਏ ਸਥਿਤ ਡੀਡੀਏ ਮਾਰਕੀਟ ਦੇ ਨਿਵਾਸੀ ਨਾਗੀ ਦੇ ਨਾਮ 'ਤੇ ਸੀ। ਨਾਗੀ ਨੇ ਕਾਰ ਸੈਕੰਡ ਹੈਂਡ ਖ਼ਰੀਦੀ ਸੀ। ਕਾਰ 2020 ਵਿੱਚ ਵੀ ਵੇਚੀ ਗਈ ਸੀ। 27 ਮਈ, 2024 ਤੋਂ ਬਾਅਦ ਇਸ ਦਾ ਨਵੀਨੀਕਰਨ ਨਹੀਂ ਕੀਤਾ ਗਿਆ ਸਿਰਫ਼ ਹਲਫ਼ਨਾਮਿਆਂ 'ਤੇ ਹੀ ਵੇਚਿਆ ਗਿਆ ਹੈ। 
ਪੰਜ ਵਾਰ ਵਿਕਣ ਤੋਂ ਬਾਅਦ ਪੰਜਾਬ ਦੇ ਜਿਸ ਵਿਅਕਤੀ ਦੇ ਨਾਂ ਤੇ ਇਹ ਰਜਿਸਟਰਡ ਸੀ ਪੁਲੀਸ ਨੇ ਜਦੋਂ ਉਸ ਤੱਕ ਪਹੁੰਚ ਕੀਤੀ ਤਾਂ ਪਤਾ ਲੱਗਾ ਕਿ ਇਹ ਕਾਰ ਦੋ ਵਾਰ ਹੋਰ ਵਿਕ ਚੁੱਕੀ ਹੈ ਅਤੇ ਆਰਸੀ ਅਜੇ ਤੱਕ ਟਰਾਂਸਫ਼ਰ ਨਹੀਂ ਕੀਤੀ ਗਈ। ਕਾਰ ਦਾ ਆਖ਼ਰੀ ਵਾਰ 2012 ਵਿੱਚ ਬੀਮਾ ਕੀਤਾ ਗਿਆ ਸੀ।
ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਇੱਕ ਨੌਜਵਾਨ ਜਿਸ ਨੂੰੰ ਪੰਜਾਬ ਦਾ ਰਹਿਣ ਵਾਲਾ ਮੰਨਿਆ ਜਾ ਰਿਹਾ ਹੈ, ਨੇ ਸ਼ਨੀਵਾਰ ਦੁਪਹਿਰ 1:45 ਵਜੇ ਦੇ ਕਰੀਬ ਕਾਰ ਖੜ੍ਹੀ ਕੀਤੀ ਸੀ ਅਤੇ ਪੈਦਲ ਨਿਕਲ ਗਿਆ ਸੀ। ਪੁਲੀਸ ਟੀਮਾਂ ਨੇ ਪਹਿਲਾਂ ਸ਼ਨੀਵਾਰ ਰਾਤ 11:15 ਵਜੇ ਆਲੇ-ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲਈ ਅਤੇ ਫਿਰ ਦੱਪੜ ਟੋਲ ਤੇ ਦੇਵੀ ਨਗਰ ਟੋਲ ਪਲਾਜ਼ਾ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਵੱਖ ਵੱਖ ਟੀਮਾਂ ਨੇ ਐਤਵਾਰ ਨੂੰ ਸਾਰਾ ਦਿਨ ਜਾਂਚ ਜਾਰੀ ਰੱਖੀ।
 ਐਤਵਾਰ ਨੂੰ ਰਾਸ਼ਟਰੀ ਸੁਰੱਖਿਆ ਏਜੰਸੀ (NIA) ਦੀ ਦੋ ਮੈਂਬਰੀ ਟੀਮ ਵੀ ਇਸ ਮਾਮਲੇ ਦੀ ਜਾਂਚ ਕਰਨ ਲਈ ਪਹੁੰਚ ਗਈ। ਇਸ ਦੌਰਾਨ ਬਲਦੇਵ ਨਗਰ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਵਿਸਫੋਟਕ ਪਦਾਰਥ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਕਾਰ ਵਿੱਚੋਂ ਮਿਲੇ 5 ਕਿੱਲੋਗਰਾਮ ਦੇ ਤਿੰਨੋਂ LPG ਸਿਲੰਡਰਾਂ 'ਤੇ ਰੈਗੂਲੇਟਰ ਲੱਗੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਪੁਲੀਸ ਨੇ ਕਈ ਸ਼ੱਕੀਆਂ ਦੀ ਪਛਾਣ ਕੀਤੀ ਹੈ।
ਐਸ.ਪੀ ਅੰਬਾਲਾ ਅਜੀਤ ਸਿੰਘ ਸ਼ੇਖਾਵਤ ਦਾ ਕਹਿਣਾ ਹੈ ਕਿ ਕਾਰ ਨੰਬਰ ਅਤੇ ਸੀਸੀਟੀਵੀ ਫੁਟੇਜ ਰਾਹੀਂ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਤੋਂ ਬਾਅਦ ਕਿਸੇ ਵਿਅਕਤੀ ਵੱਲੋਂ ਉਨ੍ਹਾਂ ਦੇ ਫੋਨ 'ਤੇ ਕੋਈ ਵੀਡੀਓ ਅੱਪਲੋਡ ਨਹੀਂ ਕੀਤੀ ਗਈ। ਇਸ ਮਾਮਲੇ ਦੀ ਸ਼ਰਾਰਤ ਜਾਂ ਧਮਾਕਾ ਕੋਣ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।