ਗੜ੍ਹਸ਼ੰਕਰ, 1 ਸਤੰਬਰ:- ਅੱਜ ਪਿੰਡ ਸਤਨੋਰ ਵਿਖੇ ਸੀ.ਪੀ.ਆਈ.ਐਮ. ਅਤੇ ਸੀਟੂ ਦੇ ਸੱਦੇ ’ਤੇ ਵੱਧ ਰਹੀ ਮਹਿੰਗਾਈ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੀ ਅਗਵਾਈ ਮਹਿੰਦਰ ਕੁਮਾਰ ਬੱਡੋਆਣ, ਨੀਲਮ ਬੱਡੋਆਣ ਅਤੇ ਬਲਦੇਵ ਰਾਜ ਸਤਨੋਰ ਨੇ ਕੀਤੀ।
ਇਨ੍ਹਾਂ ਆਗੂਆਂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ਰਾਜ ਦੌਰਾਨ ਮਹਿੰਗਾਈ ਲਗਾਤਾਰ ਛੜੱਪੇ ਮਾਰ ਰਹੀ ਹੈ। ਗਰੀਬ ਲੋਕਾਂ ਲਈ ਦੋ ਡੰਗ ਦੀ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ। ਗੈਸ ਸਿਲੰਡਰ ਦੀ ਕੀਮਤ ਇੱਕ ਹਜ਼ਾਰ ਤੋਂ ਪਾਰ ਹੋ ਗਈ ਹੈ, ਚੀਨੀ 65 ਰੁਪਏ ਤੱਕ ਪਹੁੰਚ ਗਈ ਹੈ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਅਤੇ ਸਬਜ਼ੀਆਂ ਦੇ ਰੇਟ ਅਸਮਾਨੀ ਛੂਹ ਗਏ ਹਨ।
ਉਨ੍ਹਾਂ ਕਿਹਾ ਕਿ ਸਾਨੂੰ ਯਾਦ ਹੈ ਜਦੋਂ ਗੈਸ ਸਿਲੰਡਰ ਅਤੇ ਹੋਰ ਵਸਤਾਂ ਵਿੱਚ ਮਾਮੂਲੀ ਜਿਹਾ ਵਾਧਾ ਹੋਇਆ ਸੀ ਤਾਂ ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ ਅਤੇ ਸੁਸ਼ਮਾ ਸਵਰਾਜ ਗੈਸ ਸਿਲੰਡਰ ਅਤੇ ਸਬਜ਼ੀਆਂ ਲੈ ਕੇ ਸੜਕਾਂ ’ਤੇ ਬੈਠ ਗਏ ਸਨ। ਅੱਜ ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਮਹਿੰਗਾਈ ਇਨ੍ਹਾਂ ਦੇ ਰਾਜ ਵਿੱਚ ਕਿੱਥੇ ਪਹੁੰਚ ਗਈ ਹੈ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਆਉਣ ਤੋਂ ਪਹਿਲਾਂ ਬਾਬਾ ਰਾਮਦੇਵ ਕਹਿੰਦਾ ਸੀ ਕਿ ਮੋਦੀ ਸਰਕਾਰ ਨੂੰ ਵੋਟਾਂ ਪਾਓ, ਸਿਲੰਡਰ 300 ਰੁਪਏ ਅਤੇ ਪੈਟਰੋਲ 35 ਰੁਪਏ ਲੀਟਰ ਮਿਲੇਗਾ। ਹੁਣ ਇਹ ਵੀ ਪਤਾ ਨਹੀਂ ਕਿ ਉਹ ਕਿਸ ਭੋਰੇ ਵਿੱਚ ਵੜ ਗਿਆ ਹੈ ਅਤੇ ਮੂੰਹ ਵਿੱਚ ਘੂਗਰੀਆਂ ਲਾ ਲਈਆਂ ਹਨ।
ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮਹਿੰਗਾਈ ਨੂੰ ਨੱਥ ਨਾ ਪਾਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੁਰਿੰਦਰ ਕੌਰ, ਪ੍ਰਮੋਦ, ਬੇਬੀ, ਕੁਲਵਿੰਦਰ ਸਿੰਘ, ਸੁਨੀਤਾ ਰਾਣੀ, ਸ਼ਨੀ, ਹਰਮੇਸ਼ ਲਾਲ ਅਤੇ ਪੂਜਾ ਨੇ ਵੀ ਸੰਬੋਧਨ ਕੀਤਾ।
ਸਤਨੋਰ ਵਿਖੇ ਸੀਪੀਆਈਐਮ ਅਤੇ ਸੀਟੂ ਦੇ ਸੱਦੇ ਤੇ ਵੱਧ ਰਹੀ ਮਹਿੰਗਾਈ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ
