ਸੰਗਰੂਰ, 10 ਸਤੰਬਰ:- ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ (ਸੀ.ਏ.ਪੀ.) ਵੱਲੋਂ ਮਹਿਲਾਵਾਂ ਨੂੰ ਖੇਡਾਂ, ਖ਼ਾਸ ਕਰਕੇ ਸਾਈਕਲਿੰਗ ਨਾਲ ਵੱਧ ਤੋਂ ਵੱਧ ਜੋੜਨ ਅਤੇ ਸੂਬੇ ਦੀਆਂ ਪ੍ਰਤਿਭਾਸ਼ਾਲੀ ਮਹਿਲਾ ਸਾਈਕਲਿਸਟਾਂ ਨੂੰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਉੱਚ ਪੱਧਰੀ ਮੁਕਾਬਲੇ ਦਾ ਮੰਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ‘ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ (ਰੋਡ)-2026’ ਦਾ ਆਯੋਜਨ 12 ਅਤੇ 13 ਸਤੰਬਰ 2026 ਨੂੰ ਜ਼ਿਲ੍ਹਾ ਸੰਗਰੂਰ ਵਿਖੇ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਸ. ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਲੀਗ ਦੇ ਮੁਕਾਬਲੇ ਪਿੰਡ ਗੱਗੜਪੁਰ ਤੋਂ ਘਰਾਚੋਂ, ਜ਼ਿਲ੍ਹਾ ਸੰਗਰੂਰ ਦੇ ਰੂਟ ’ਤੇ ਕਰਵਾਏ ਜਾਣਗੇ। ਦੋਵੇਂ ਦਿਨ ਖਿਡਾਰਨਾਂ ਲਈ ਰਿਪੋਰਟਿੰਗ ਦਾ ਸਮਾਂ ਸਵੇਰੇ 5:30 ਵਜੇ ਹੋਵੇਗਾ, ਜਦਕਿ ਮੁਕਾਬਲੇ ਸਵੇਰੇ 6:00 ਵਜੇ ਸ਼ੁਰੂ ਕੀਤੇ ਜਾਣਗੇ।
ਉਹਨਾਂ ਦੱਸਿਆ ਕਿ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਸ੍ਰ ਓਂਕਾਰ ਸਿੰਘ ਅਤੇ ਸਕੱਤਰ ਜਨਰਲ ਸ੍ਰ ਮਨਿੰਦਰਪਾਲ ਸਿੰਘ ਵਲੋਂ ਪੰਜਾਬ ਵਿਚ ਸਾਈਕਲਿੰਗ ਨੂੰ ਪ੍ਰਫੁੱਲਿਤ ਕਰਨ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ, ਜਿਸ ਲਈ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਉਹਨਾਂ ਦੀ ਰਿਣੀ ਹੈ।
ਸ. ਚਰਨਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਖੇਲੋ ਇੰਡੀਆ ਵਰਗੇ ਉਪਰਾਲਿਆਂ ਨੇ ਦੇਸ਼ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨੌਜਵਾਨ ਖਿਡਾਰੀਆਂ, ਵਿਸ਼ੇਸ਼ ਤੌਰ ’ਤੇ ਲੜਕੀਆਂ ਅਤੇ ਮਹਿਲਾਵਾਂ ਲਈ ਨਵੇਂ ਮੌਕੇ ਪੈਦਾ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਧੀਆਂ ਨੇ ਸਾਈਕਲਿੰਗ ਸਮੇਤ ਵੱਖ-ਵੱਖ ਖੇਡਾਂ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ ਅਤੇ ਅਜਿਹੇ ਮੁਕਾਬਲੇ ਉੱਭਰਦੀਆਂ ਖਿਡਾਰਨਾਂ ਲਈ ਆਪਣੀ ਸਮਰੱਥਾ ਸਾਬਤ ਕਰਨ ਦਾ ਅਹਿਮ ਮੰਚ ਹਨ।
ਉਨ੍ਹਾਂ ਕਿਹਾ ਕਿ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦਾ ਉਦੇਸ਼ ਕੇਵਲ ਮੁਕਾਬਲੇ ਕਰਵਾਉਣਾ ਹੀ ਨਹੀਂ, ਸਗੋਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਪ੍ਰਤਿਭਾਸ਼ਾਲੀ ਸਾਈਕਲਿਸਟਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਅੱਗੇ ਵਧਣ ਲਈ ਢੁਕਵਾਂ ਮੁਕਾਬਲੇਬਾਜ਼ੀ ਵਾਲਾ ਮਾਹੌਲ ਮੁਹੱਈਆ ਕਰਵਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਖਿਡਾਰਨਾਂ ਦੀ ਖੇਡਾਂ ਵਿੱਚ ਵਧ ਰਹੀ ਭਾਗੀਦਾਰੀ ਪੰਜਾਬ ਦੇ ਖੇਡ ਭਵਿੱਖ ਲਈ ਬਹੁਤ ਹੀ ਉਤਸ਼ਾਹਜਨਕ ਸੰਕੇਤ ਹੈ।
ਇਸ ਮੌਕੇ ਜਨਰਲ ਸਕੱਤਰ ਸ. ਜਗਦੀਪ ਸਿੰਘ ਕਾਹਲੋਂ ਨੇ ਲੀਗ ਦੇ ਤਕਨੀਕੀ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਸਤੰਬਰ ਨੂੰ ਇੰਡੀਵਿਜੁਅਲ ਟਾਈਮ ਟਰਾਇਲ (ITT) ਦੇ ਮੁਕਾਬਲੇ ਹੋਣਗੇ। ਇਸ ਵਿੱਚ ਜੂਨੀਅਰ ਗਰਲਜ਼ ਵਰਗ ਲਈ 10 ਕਿਲੋਮੀਟਰ ਅਤੇ ਵੂਮੈਨ ਐਲੀਟ ਵਰਗ ਲਈ 20 ਕਿਲੋਮੀਟਰ ਦੀ ਦੂਰੀ ਨਿਰਧਾਰਤ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ 13 ਸਤੰਬਰ ਨੂੰ ਰੋਡ ਰੇਸ (ਮਾਸ ਸਟਾਰਟ) ਕਰਵਾਈ ਜਾਵੇਗੀ, ਜਿਸ ਵਿੱਚ ਜੂਨੀਅਰ ਗਰਲਜ਼ ਵਰਗ ਦੀਆਂ ਖਿਡਾਰਨਾਂ 20 ਕਿਲੋਮੀਟਰ, ਜਦਕਿ ਵੂਮੈਨ ਐਲੀਟ ਵਰਗ ਦੀਆਂ ਖਿਡਾਰਨਾਂ 30 ਕਿਲੋਮੀਟਰ ਦੀ ਦੂਰੀ ਲਈ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੀਆਂ।
ਸ. ਕਾਹਲੋਂ ਨੇ ਕਿਹਾ ਕਿ ਸਾਈਕਲਿੰਗ ਇੱਕ ਅਜਿਹੀ ਖੇਡ ਹੈ ਜਿਸ ਵਿੱਚ ਸਰੀਰਕ ਸਮਰੱਥਾ ਦੇ ਨਾਲ ਅਨੁਸ਼ਾਸਨ, ਸਹਿਨਸ਼ਕਤੀ, ਤਕਨੀਕੀ ਮੁਹਾਰਤ, ਮਾਨਸਿਕ ਮਜ਼ਬੂਤੀ ਅਤੇ ਲਗਾਤਾਰ ਅਭਿਆਸ ਦੀ ਬਹੁਤ ਅਹਿਮੀਅਤ ਹੁੰਦੀ ਹੈ। ਐਸੋਸੀਏਸ਼ਨ ਦਾ ਯਤਨ ਹੈ ਕਿ ਪੰਜਾਬ ਦੀਆਂ ਹੋਣਹਾਰ ਲੜਕੀਆਂ ਨੂੰ ਵੱਧ ਤੋਂ ਵੱਧ ਮੁਕਾਬਲੇ ਦੇ ਮੌਕੇ ਦਿੱਤੇ ਜਾਣ ਤਾਂ ਜੋ ਉਹ ਭਵਿੱਖ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।
ਉਨ੍ਹਾਂ ਅੱਗੇ ਦੱਸਿਆ ਕਿ ਖਿਡਾਰਨਾਂ ਨੂੰ ਉਤਸ਼ਾਹਿਤ ਕਰਨ ਲਈ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਜੇਤੂਆਂ ਲਈ ਨਕਦ ਇਨਾਮ ਵੀ ਰੱਖੇ ਗਏ ਹਨ। ਪਹਿਲਾ ਸਥਾਨ ਹਾਸਲ ਕਰਨ ਵਾਲੀ ਖਿਡਾਰਨ ਨੂੰ 5,000 ਰੁਪਏ, ਦੂਜਾ ਸਥਾਨ ਪ੍ਰਾਪਤ ਕਰਨ ਵਾਲੀ ਨੂੰ 3,000 ਰੁਪਏ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੀ ਖਿਡਾਰਨ ਨੂੰ 2,000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।
ਸ. ਧਾਲੀਵਾਲ ਅਤੇ ਸ. ਕਾਹਲੋਂ ਨੇ ਕਿਹਾ ਕਿ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਸੂਬੇ ਵਿੱਚ ਮਹਿਲਾ ਸਾਈਕਲਿੰਗ ਨੂੰ ਇੱਕ ਮਜ਼ਬੂਤ ਖੇਡ ਅੰਦੋਲਨ ਵਜੋਂ ਵਿਕਸਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਡਾਂ ਮਹਿਲਾਵਾਂ ਨੂੰ ਸਰੀਰਕ ਤੌਰ ’ਤੇ ਤੰਦਰੁਸਤ ਬਣਾਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ, ਫ਼ੈਸਲਾ ਲੈਣ ਦੀ ਸਮਰੱਥਾ ਅਤੇ ਲੀਡਰਸ਼ਿਪ ਦੇ ਗੁਣ ਵੀ ਪੈਦਾ ਕਰਦੀਆਂ ਹਨ। ਇਸ ਲਈ ਪਰਿਵਾਰਾਂ ਅਤੇ ਖੇਡ ਸੰਸਥਾਵਾਂ ਨੂੰ ਲੜਕੀਆਂ ਨੂੰ ਖੇਡਾਂ ਵਿੱਚ ਅੱਗੇ ਵਧਣ ਲਈ ਹੋਰ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਉਨ੍ਹਾਂ ਪੰਜਾਬ ਭਰ ਦੀਆਂ ਯੋਗ ਮਹਿਲਾ ਸਾਈਕਲਿਸਟਾਂ ਨੂੰ ਇਸ ਲੀਗ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ‘ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ’ ਸਿਰਫ਼ ਤਗਮੇ ਜਾਂ ਇਨਾਮ ਜਿੱਤਣ ਦਾ ਮੁਕਾਬਲਾ ਨਹੀਂ, ਸਗੋਂ ਮਹਿਲਾ ਖਿਡਾਰਨਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ, ਮੁਕਾਬਲੇ ਦਾ ਤਜਰਬਾ ਹਾਸਲ ਕਰਨ ਅਤੇ ਖੇਡਾਂ ਵਿੱਚ ਉੱਚੇ ਟੀਚੇ ਮਿੱਥਣ ਲਈ ਪ੍ਰੇਰਿਤ ਕਰਨ ਦਾ ਮਹੱਤਵਪੂਰਨ ਮੰਚ ਹੈ।
ਰਜਿਸਟ੍ਰੇਸ਼ਨ ਅਤੇ ਮੁਕਾਬਲੇ ਸਬੰਧੀ ਹੋਰ ਜਾਣਕਾਰੀ ਲਈ ਸਾਈਕਲਿੰਗ ਐਸੋਸੀਏਸ਼ਨ ਆਫ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ (7901964555) ਤੇ ਸੀਨੀਅਰ ਅਹੁਦੇਦਾਰ ਬੀ.ਐਸ. ਸੂਦਨ (9876841086) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਅਸਮਿਤਾ ਖੇਲੋ ਇੰਡੀਆ ਵੂਮੈਨਜ਼ ਸਟੇਟ ਲੀਗ ਰੋਡ2026 12 ਤੇ 13 ਸਤੰਬਰ ਨੂੰ ਸੰਗਰੂਰ ਵਿਖੇ ਪੰਜਾਬ ਦੀਆਂ ਮਹਿਲਾ ਸਾਈਕਲਿਸਟ ਦਿਖਾਉਣਗੀਆਂ ਆਪਣੀ ਪ੍ਰਤਿਭਾ ਚਰਨਜੀਤ ਸਿੰਘ ਧਾਲੀਵਾਲ
