ਫਗਵਾੜਾ- ਇੱਥੋਂ ਦੀ ਪੁਲੀਸ ਨੇ ਖੁਫੀਆ ਏਜੰਸੀਆਂ ਤੋਂ ਮਿਲੇ ਇਨਪੁਟਸ ਦੇ ਆਧਾਰ ’ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸੀਨੀਅਰ ਕਪਤਾਨ ਪੁਲਿਸ ਕਪੂਰਥਲਾ, ਗੌਰਵ ਤੂਰਾ ਆਈ.ਪੀ.ਐਸ. ਦੀ ਅਗਵਾਈ ਹੇਠ ਇੱਕ ਪੁਲੀਸ ਟੀਮ ਨੇ ਜਾਸੂਸੀ ਦੇ ਦੋਸ਼ਾਂ ਤਹਿਤ ਕਪੂਰਥਲਾ ਆਰਮੀ ਕੈਂਟੋਨਮੈਂਟ ਵਿੱਚ ਸਫ਼ਾਈ ਸੇਵਕ ਵਜੋਂ ਕੰਮ ਕਰਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। 
ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਰਾਜਾ ਵਜੋਂ ਹੋਈ ਹੈ ਅਤੇ ਉਹ ਕਪੂਰਥਲਾ ਜ਼ਿਲ੍ਹੇ ਦੇ ਮੁਸ਼ਕਵੇਦ ਦਾ ਰਹਿਣ ਵਾਲਾ ਹੈ, ਜਿਸ ਨੂੰ ਰੁਟੀਨ ਗਸ਼ਤ ਅਤੇ ਚੈਕਿੰਗ ਦੌਰਾਨ ਕੰਜਲੀ ਦੇ ਵਾਈ-ਪੁਆਇੰਟ ਨੇੜੇ ਹਿਰਾਸਤ ਵਿੱਚ ਲਿਆ ਗਿਆ।
ਐਸ.ਐਸ.ਪੀ. ਅਨੁਸਾਰ ਰਾਜਾ ਕੰਟਰੈਕਟ ਦੇ ਆਧਾਰ 'ਤੇ ਆਰਮੀ ਕੈਂਟੋਨਮੈਂਟ ਦੇ ਅੰਦਰ ਇੱਕ ਪ੍ਰਾਈਵੇਟ ਸੈਨੇਟਰੀ ਵਰਕਰ ਵਜੋਂ ਕੰਮ ਕਰਦਾ ਸੀ। ਉਸ ਨੂੰ ਫੜਨ ਸਮੇਂ ਪੁਲੀਸ ਨੇ ਉਸਦੇ ਮੋਬਾਈਲ ਫੋਨ ਦੀ ਤਲਾਸ਼ੀ ਲਈ ਅਤੇ ਕਥਿਤ ਤੌਰ ’ਤੇ ਪਾਕਿਸਤਾਨ ਵਿੱਚ ਸੰਪਰਕਾਂ ਨਾਲ ਗੱਲਬਾਤ ਦੇ ਸਬੂਤ ਮਿਲੇ। ਜਾਂਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਦੋਸ਼ੀ ਆਰਮੀ ਦੇ ਪ੍ਰਤਿਬੰਧਿਤ ਖੇਤਰਾਂ ਦੀਆਂ ਤਸਵੀਰਾਂ ਭੇਜ ਰਿਹਾ ਸੀ ਅਤੇ ਫੌਜੀ ਅਦਾਰਿਆਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰ ਰਿਹਾ ਸੀ।
ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਸੰਕੇਤ ਮਿਲੇ ਹਨ ਕਿ ਦੋਸ਼ੀ ਕਥਿਤ ਤੌਰ 'ਤੇ ਸਪਲਾਈ ਕੀਤੀ ਜਾਣਕਾਰੀ ਦੇ ਬਦਲੇ ਪਾਕਿਸਤਾਨੀ ਹੈਂਡਲਰਾਂ ਤੋਂ ਪੈਸੇ ਪ੍ਰਾਪਤ ਕਰ ਰਿਹਾ ਸੀ। ਅਧਿਕਾਰੀਆਂ ਨੇ ਇਸ ਮਾਮਲੇ ਨੂੰ ਕੌਮੀ ਸੁਰੱਖਿਆ ਦੀ ਗੰਭੀਰ ਉਲੰਘਣਾ ਦੱਸਿਆ ਕਿਹਾ ਕਿ ਇਸ ਬਾਰੇ ਪ੍ਰਸਾਰਿਤ ਕੀਤੀ ਗਈ ਜਾਣਕਾਰੀ ਰੱਖਿਆ ਸਥਾਪਨਾਵਾਂ ਦੀ ਸੁਰੱਖਿਆ, ਅਖੰਡਤਾ ਅਤੇ ਕਾਰਜਕਾਰੀ ਗੁਪਤਤਾ ਨੂੰ ਖਤਰੇ ਵਿੱਚ ਪਾ ਸਕਦੀ ਹੈ।