ਲੁਧਿਆਣਾ 03 ਜੂਨ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਵਿਖੇ ਬਾਇਓਤਕਨਾਲੋਜੀ ਵਿਭਾਗ ਵੱਲੋਂ ਪ੍ਰਾਯੋਜਿਤ ਪੋਸਟ ਗ੍ਰੈਜੂਏਟ ਵਿਦਿਅਕ ਪ੍ਰੋਗਰਾਮ ਦੀ ਸਾਲਾਨਾ ਸਮੀਖਿਆ ਕੀਤੀ ਗਈ। ਇਸ ਨਜ਼ਰਸਾਨੀ ਮੀਟਿੰਗ ਦੀ ਪ੍ਰਧਾਨਗੀ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕੀਤੀ ਜਿਸ ਵਿੱਚ ਪ੍ਰੋ. ਮਹੇਸ਼ ਸੰਕਰਨ, ਰਾਸ਼ਟਰੀ ਕੇਂਦਰ ਬਾਇਓਲੌਜੀਕਲ ਵਿਗਿਆਨ, ਬੈਂਗਲੌਰ, ਡਾ. ਅਜੀਤ ਦੂਆ, ਮੁੱਖ ਕਾਰਜਕਾਰੀ ਅਧਿਕਾਰੀ, ਪੰਜਾਬ ਬਾਇਓਤਕਨਾਲੋਜੀ ਇਨਕਿਊਬੇਟਰ, ਮੋਹਾਲੀ, ਡਾ. ਮਾਨਵ ਇੰਦਰ ਸਿੰਘ ਗਿੱਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਪੀ ਏ ਯੂ, ਡਾ. ਪਰਵੀਨ ਛੁਨੇਜਾ, ਨਿਰਦੇਸ਼ਕ, ਜੀ ਐਸ ਖੁਸ਼ ਇੰਸਟੀਚਿਊਟ, ਪੀ ਏ ਯੂ, ਸ਼੍ਰੀ ਨਿਸ਼ਿਤ ਸਿੰਘਾਨੀਆ, ਉਦਯੋਗ ਨੁਮਾਇੰਦੇ, ਡਾ. ਰਮਨੀਕ, ਅਡਜੰਕਟ ਪ੍ਰੋਫੈਸਰ ਅਤੇ ਅਧਿਆਪਕਾਂ, ਵਿਦਿਆਰਥੀਆਂ ਤੇ ਪ੍ਰਸ਼ਾਸਕੀ ਸਟਾਫ ਨੇ ਹਿੱਸਾ ਲਿਆ।
        ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਮਰਪਣ ਭਾਵ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਇਸ ਵੇਲੇ ਉਦਯੋਗ ਦੀਆਂ ਲੋੜਾਂ ਨਾਲ ਖੋਜ ਪਹਿਲੂ ਨੂੰ ਜੋੜਨ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਯੂਨੀਵਰਸਿਟੀ ਵਿਖੇ ਜੀਵ ਵਿਗਿਆਨ ਵਿਸ਼ੇ ਦੀਆਂ ਵਿਭਿੰਨ ਸ਼ਾਖਾਵਾਂ ’ਤੇ ਖੋਜ ਕਰਨ ਲਈ ਉਨਤ ਖੋਜ ਸਹੂਲਤਾਂ ਮੌਜੂਦ ਹਨ।
        ਡਾ. ਰਾਮ ਸਰਨ ਸੇਠੀ, ਡੀਨ ਨੇ ਦੱਸਿਆ ਕਿ ਯੂਨੀਵਰਸਿਟੀ ਵਿਖੇ ਸੰਨ 2021 ਤੋਂ ਇਹ ਵਿਦਿਅਕ ਪ੍ਰੋਗਰਾਮ ਚੱਲ ਰਿਹਾ ਹੈ ਜਿਸ ਲਈ ਵਿਦਿਆਰਥੀਆਂ ਨੂੰ 5000 ਰੁਪਏ ਦਾ ਵਜ਼ੀਫ਼ਾ ਵੀ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਾਲਜ ਦੀਆਂ ਵਿਸ਼ੇਸ਼ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਡਾ. ਬਲਬੀਰ ਬਗੀਚਾ ਸਿੰਘ ਧਾਲੀਵਾਲ, ਚੇਅਰਮੈਨ ਅਕਾਦਮਿਕ ਮਾਮਲੇ ਕਮੇਟੀ ਨੇ ਇਸ ਪ੍ਰਾਜੈਕਟ ਦੀ ਉਨਤੀ ਬਾਰੇ ਚਰਚਾ ਕੀਤੀ। ਪ੍ਰੋ ਸੰਕਰਨ ਨੇ ਕੀਤੇ ਜਾ ਰਹੇ ਉੱਚੀ ਪੱਧਰ ਖੋਜ ਉਪਰਾਲਿਆਂ ਨੂੰ ਸਲਾਹਿਆ। ਡਾ. ਅਜੀਤ ਦੂਆ ਨੇ ਇਨਕਿਊਬੇਸ਼ਨ ਸੈਂਟਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ’ਤੇ ਚਾਨਣਾ ਪਾਇਆ, ਜਿਸ ਨਾਲ ਨਵੇਂ ਉਦਮੀ ਲਾਭ ਪ੍ਰਾਪਤ ਕਰ ਸਕਦੇ ਹਨ।
        ਡਾ. ਮਾਨਵ ਇੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਦੀਆਂ ਖੋਜਾਂ ਦੀ ਪ੍ਰਕਾਸ਼ਨ ਮਹੱਤਤਾ ਬਾਰੇ ਗੱਲ ਕੀਤੀ। ਡਾ. ਪ੍ਰਵੀਨ ਛੁਨੇਜਾ ਨੇ ਕਿਹਾ ਕਿ ਇਕ ਕੇਂਦਰੀ ਕਾਊਂਸਲਿੰਗ ਢਾਂਚਾ ਹੋਣਾ ਚਾਹੀਦਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਸੌਖੇ, ਪਹੁੰਚਸ਼ੀਲ ਅਤੇ ਢੁੱਕਵੇਂ ਮੌਕੇ ਮਿਲਣ। ਸ਼੍ਰੀ ਸਿੰਘਾਨੀਆ ਨੇ ਕਿਹਾ ਕਿ ਸਾਨੂੰ ਅਜਿਹੇ ਉਪਰਾਲੇ ਕਰਨੇ ਲੋੜੀਂਦੇ ਹਨ ਜਿਸ ਨਾਲ ਇਸ ਪ੍ਰੋਗਰਾਮ ਨੂੰ ਕੌਮੀ ਪੱਧਰ ’ਤੇ ਵਧੇਰੇ ਪਛਾਣਿਆ ਜਾ ਸਕੇ।