ਹੁਸ਼ਿਆਰਪੁਰ:- ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵਲੋਂ ਬੱਚਿਆਂ ਵਿੱਚ ਸਾਹਿਤਕ ਰੁਚੀਆਂ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮਨੋਰਥ ਨਾਲ ਅਨੇਕਾਂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਬੱਚਿਆਂ ਤੱਕ ਨਰੋਆ ਸਾਹਿਤ ਸਸਤੀਆਂ ਕੀਮਤਾਂ ਤੇ ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਪੁਸਤਕ ਪ੍ਰਦਰਸ਼ਨੀ ਰਾਹੀਂ ਸਕੂਲਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਜਿਸ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਯੂ ਗੁਟ ਅਨੁਸਾਰ ਰੌਚਕ, ਗਿਆਨ ਵਰਧਕ ਅਤੇ ਰੰਗਦਾਰ ਪੁਸਤਕਾਂ ਮੁਹਈਆ ਕੀਤੀਆਂ ਜਾ ਰਹੀਆਂ ਹਨ। ਇਹਨਾਂ ਪ੍ਰਦਰਸ਼ਨੀਆਂ ਦੀ ਵਿਸ਼ੇਸ਼ ਗੱਲ ਇਹ ਹੈ ਕਿ ਹਰ ਕੀਮਤੀ ਪੁਸਤਕ ਸਿਰਫ਼ 100 ਰੁਪਏ ਵਿੱਚ ਦਿੱਤੀ ਜਾ ਰਹੀ ਹੈ।  ਪੁਸਤਕ ਦੀ ਕੀਮਤ ਭਾਵੇਂ ਜਿੰਨੀ ਮਰਜ਼ੀ ਹੋਵੇ। ਇਸੇ ਤਰ੍ਹਾਂ ਬਾਲ ਰਸਾਲਾ 50 ਰੁਪਏ ਵਿੱਚ ਦਿੱਤਾ ਜਾਂਦਾ ਹੈ। 
      ਸਕੂਲ ਆਫ ਐਮੀਨੈਂਸ ਖਵਾਸਪੁਰ ਹੀਰਾ ਨੇੜੇ ਹੁਸ਼ਿਆਰਪੁਰ ਵਿਖੇ 27 ਨਵੰਬਰ ਦਿਨ ਵੀਰਵਾਰ ਨੂੰ ਪੁਸਤਕ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਪੁਸਤਕ ਪ੍ਰਦਰਸ਼ਨੀ ਦੌਰਾਨ ਸ਼੍ਰੋਮਣੀ ਸਾਹਿਤਕਾਰ ਅਤੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਵੱਲੋਂ ਬੱਚਿਆਂ ਨੂੰ ਸਾਹਿਤ ਸਿਰਜਣਾ ਦੇ ਗੁਰ ਵੀ ਸਮਝਾਏ ਜਾਣਗੇ। ਸਕੂਲ ਵਿੱਚ ਇਸ ਪ੍ਰਦਰਸ਼ਨੀ ਦਾ ਪ੍ਰਬੰਧ ਪ੍ਰਿੰ. ਰਮਨਦੀਪ ਕੌਰ ਦੀ ਸਰਪ੍ਰਸਤੀ ਹੇਠ ਐਨਐਸਐਸ ਦੇ ਪ੍ਰੋਗਰਾਮ ਅਫ਼ਸਰ ਲੈਕਚਰਾਰ ਸੁਖਜੀਤ ਕੌਰ ਵੱਲੋਂ ਵਿਦਿਆਰਥੀਆਂ ਅਤੇ ਸਟਾਫ਼ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।