ਅੰਮ੍ਰਿਤਸਰ:- ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਨਸ਼ਾ ਤਸਕਰੀ ਦੇ ਇੱਕ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 10 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਐਕਸ ’ਤੇ ਪੋਸਟ ਰਾਹੀਂ ਸਾਂਝੀ ਕੀਤੀ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪੁਲਸ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਵਿਦੇਸ਼ ਵਿੱਚ ਬੈਠੇ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਪੰਜਾਬ ਵਿੱਚ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰਕੇ ਅੱਗੇ ਸਪਲਾਈ ਕਰਦੇ ਸਨ। ਇਸ ਸਬੰਧੀ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਥਾਣੇ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਅਗਲੇ ਅਤੇ ਪਿਛਲੇ ਸੰਪਰਕਾਂ ਦਾ ਪਤਾ ਲਗਾਉਣ, ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਅਤੇ ਸਰਹੱਦ ਪਾਰ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਨੂੰ ਤੋੜਨ ਲਈ ਅਗਲੇਰੀ ਜਾਂਚ ਜਾਰੀ ਹੈ।
