ਅੰਬਾਲਾ, 11 ਅਕਤੂਬਰ (ਆਰ. ਸਿੰਘ):- ਅੰਬਾਲਾ ਦੇ “ਖੋਜ ਹੁਨਰ ਦੀ” ਸੋਲੋ ਡਾਂਸ ਮੁਕਾਬਲੇ “ਸਟੇਜ ਤੋਂ ਸਟਾਰਡਮ ਤੱਕ” ਲਈ ਅੱਜ ਅੰਬਾਲਾ ਕਲੱਬ ਵਿਖੇ ਆਡੀਸ਼ਨ ਕਰਵਾਏ ਗਏ। 50 ਤੋਂ ਵੱਧ ਭਾਗੀਦਾਰਾਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। 18 ਅਕਤੂਬਰ ਨੂੰ ਹੋਣ ਵਾਲੇ ਸੈਮੀਫਾਈਨਲ ਲਈ 28 ਪ੍ਰਤਿਭਾਸ਼ਾਲੀ ਪ੍ਰਤੀਯੋਗੀਆਂ ਦੀ ਚੋਣ ਕੀਤੀ ਗਈ। ਜਿਊਰੀ ਵਿੱਚ ਅਰਵਿੰਦ ਸੂਰੀ, ਅਨਿਲ ਮਹੰਤ ਬਿੱਟੂ ਅਤੇ ਅਮਨਪ੍ਰੀਤ ਕੌਰ ਸ਼ਾਮਲ ਸਨ।
ਇਹ ਮੁਕਾਬਲਾ ਕਲਾ ਅਤੇ ਸੱਭਿਆਚਾਰ ਨੂੰ ਸਮਰਪਿਤ ਕਲਾਕਾਰਾਂ ਦੇ ਪੀਐਮਜੀ ਸਮੂਹ ਅਤੇ ਹਰਿਆਣਾ ਕਲਾਕਾਰ ਫੋਰਮ ਵੱਲੋਂ ਅੰਬਾਲਾ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਨੈਕਸ ਜਨਰਲ ਫਾਇਨਾਂਸ਼ੀਅਲ ਸਰਵਿਸਿਜ਼ ਦੇ ਐਮਡੀ ਅਤੇ ਪ੍ਰਸਿੱਧ ਕਵੀ ਸੁਰਜੀਤ ਬੁਧੀਰਾਜਾ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਸੁਰਜੀਤ ਬੁਧੀਰਾਜਾ ਦੇ ਪਹੁੰਚਣ ’ਤੇ ਪਰਵਿੰਦਰ ਗੁਪਤਾ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਪ੍ਰੋਗਰਾਮ ਦਾ ਮੰਚ ਸੰਚਾਲਨ ਕਰਦਿਆਂ ਕੋਆਰਡੀਨੇਟਰ ਅਤੇ ਥੀਏਟਰ ਕਲਾਕਾਰ ਜਸਦੀਪ ਬੇਦੀ ਨੇ ਕਿਹਾ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਲੁਕੀਆਂ ਹੋਈਆਂ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕਰਨਾ, ਉਨ੍ਹਾਂ ਦੀ ਕਲਾ ਨੂੰ ਨਿਖਾਰਨਾ ਅਤੇ ਉਨ੍ਹਾਂ ਨੂੰ ਸਟੇਜ ਤੋਂ ਸਟਾਰਡਮ ਤੱਕ ਪਹੁੰਚਾਉਣਾ ਹੈ। ਇਸ ਸੋਲੋ ਡਾਂਸ ਮੁਕਾਬਲੇ ਦਾ ਸੈਮੀਫਾਈਨਲ 18 ਅਕਤੂਬਰ ਨੂੰ ਅਤੇ ਗਰੈਂਡ ਫਿਨਾਲੇ 25 ਅਕਤੂਬਰ ਨੂੰ ਇਸੇ ਅੰਬਾਲਾ ਕਲੱਬ ਵਿਖੇ ਹੋਵੇਗਾ। ਅੱਜ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸਮਾਜ ਸੇਵਕ ਸੰਜੇ ਸੇਠੀ, ਰਾਕੇਸ਼ ਮੱਕੜ, ਉਮਾ ਸ਼ੰਕਰ, ਗਗਨਜੋਤ ਸਿੰਘ ਬੇਦੀ ਅਤੇ ਪ੍ਰਿਆ ਸਿੰਘ ਮੁਲਤਾਨੀ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਭਾਗੀਦਾਰਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਮਾਪੇ ਅਤੇ ਅਧਿਆਪਕ ਵੀ ਪ੍ਰੋਗਰਾਮ ਵਿੱਚ ਮੌਜੂਦ ਸਨ।
