ਅੰਮ੍ਰਿਤਸਰ:- ਜਲੰਧਰ ਵਿੱਚ ਬੀਐੱਸਐੱਫ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਤੋਂ ਅਜੇ ਕੁਝ ਹੀ ਘੰਟੇ ਬੀਤੇ ਸਨ ਕਿ ਹੁਣ ਅੰਮ੍ਰਿਤਸਰ ਵਿੱਚ ਫੌਜੀ ਛਾਉਣੀ ਨੇੜੇ ਇੱਕ ਹੋਰ ਧਮਾਕੇ ਨਾਲ ਸਰਹੱਦੀ ਖੇਤਰ ਵਿੱਚ ਸਨਸਨੀ ਫੈਲ ਗਈ। ਇਹ ਘਟਨਾ ਖ਼ਾਸਾ ਰੋਡ ’ਤੇ ਫੌਜੀ ਛਾਉਣੀ ਦੀ ਬਾਹਰੀ ਕੰਧ ਦੇ ਨੇੜੇ ਵਾਪਰੀ। ਹਾਲਾਂਕਿ ਇਹ ਇੱਕ ਘੱਟ ਤੀਬਰਤਾ ਵਾਲਾ ਧਮਾਕਾ ਸੀ, ਪਰ ਇਸ ਦੇ ਪ੍ਰਭਾਵ ਕਾਰਨ ਕੰਧ ’ਤੇ ਲੱਗੀ ਟਿਨ ਦੀ ਚਾਦਰ ਨੁਕਸਾਨੀ ਗਈ ਅਤੇ ਹੇਠਾਂ ਡਿੱਗ ਪਈ।
ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਸੁਹੇਲ ਕਾਸਿਮ ਮੀਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਨੂੰ ਰਾਤ ਕਰੀਬ 11.15 ਵਜੇ ਖ਼ਾਸਾ ਰੋਡ ’ਤੇ ਜ਼ੋਰਦਾਰ ਆਵਾਜ਼ ਸੁਣਾਈ ਦੇਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ। ਮੌਕੇ ਦਾ ਮੁਆਇਨਾ ਕਰਨ ’ਤੇ ਪਤਾ ਲੱਗਿਆ ਕਿ ਫੌਜੀ ਛਾਉਣੀ ਦੀ ਸੁਰੱਖਿਆ ਕੰਧ ’ਤੇ ਲਗਾਈ ਗਈ ਟਿਨ ਦੀ ਚਾਦਰ ਨੂੰ ਨੁਕਸਾਨ ਪਹੁੰਚਿਆ ਹੈ। ਮੁਢਲੀ ਜਾਂਚ ਤੋਂ ਜਾਪਦਾ ਹੈ ਕਿ ਕਿਸੇ ਵੱਲੋਂ ਕੰਧ ’ਤੇ ਕੋਈ ਚੀਜ਼ ਸੁੱਟੀ ਗਈ ਸੀ, ਜਿਸ ਕਾਰਨ ਇਹ ਧਮਾਕਾ ਹੋਇਆ।
ਡੀਜੀਪੀ ਗੌਰਵ ਯਾਦਵ ਨੇ ਅੱਜ ਖਾਸਾ ਵਿਖੇ ਹੋਏ ਧਮਾਕੇ ਵਾਲੇ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਖੁਲਾਸਾ ਕੀਤਾ ਹੈ ਕਿ ਇਸ ਧਮਾਕੇ ਲਈ ਵਿਸਫੋਟਕ ਸਮਗਰੀ ਆਈਈਡੀ ਦੀ ਵਰਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕੋਲ ਮਹੱਤਵਪੂਰਨ ਸੁਰਾਗ ਹਨ। ਪੁਲੀਸ ਵੱਲੋਂ ਸ਼ੱਕੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ। ਉਨਾ ਕਿਹਾ ਕਿ ਇਹ ਘਟਨਾ ਪਾਕਿਸਤਾਨ ਵਿੱਚ ਆਈਐਸਆਈ-ਸਮਰਥਿਤ ਕੌਮ ਵਿਰੋਧੀ ਤਾਕਤਾਂ ਵੱਲੋਂ ਇੱਕ ਯੋਜਨਾਬੱਧ ਹਮਲਾ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਪਾਕਿਸਤਾਨ-ਅਧਾਰਤ ਤੱਤ ਪੰਜਾਬ ਨੂੰ ਇੱਕ ਅਸ਼ਾਂਤ ਸੂਬਾ ਬਣਾਉਣਾ ਚਾਹੁੰਦੇ ਹਨ।
ਡੀਜੀਪੀ ਨੇ ਖਾਸਾ ਵਿਖੇ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਸਰਹੱਦੀ ਖੇਤਰ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਫੌਜ ਅਤੇ ਬੀਐਸਐਫ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ। ਉਨ੍ਹਾਂ ਕਿਹਾ ਕਿ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹਾਲ ਹੀ ਵਿੱਚ ਹੋਏ ਦੋਵੇਂ ਧਮਾਕੇ ਆਈਈਡੀ ਦੀ ਵਰਤੋਂ ਕਰਕੇ ਕੀਤੇ ਗਏ ਸਨ, ਪਰ ਹੁਣ ਤੱਕ ਦੋਵਾਂ ਘਟਨਾਵਾਂ ਵਿਚਕਾਰ ਕੋਈ ਸਬੰਧ ਅਜੇ ਸਥਾਪਤ ਨਹੀਂ ਹੋਇਆ ਹੈ।