ਨਵਾਂਸ਼ਹਿਰ:- ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੰਜੀਵ ਸ਼ਰਮਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲੰਗੜੋਆ ਅਤੇ ਨਗਰ ਕੌਂਸਲ ਦਫ਼ਤਰ ਨਵਾਂਸ਼ਹਿਰ ਦਾ ਦੌਰਾ ਕਰਕੇ ਪੋਲਿੰਗ ਬੂਥਾਂ ਦੀ ਰੈਸ਼ਨਲਾਈਜ਼ੇਸ਼ਨ ਸਬੰਧੀ ਚੱਲ ਰਹੇ ਕੰਮਾਂ ਦਾ ਮੌਕੇ 'ਤੇ ਜਾਇਜ਼ਾ ਲਿਆ।
ਇਸ ਦੌਰਾਨ ਉਨ੍ਹਾਂ ਬੂਥ ਨੰਬਰ 109 ਦੀ ਬੀ.ਐੱਲ.ਓ. ਬਲਵਿੰਦਰ ਕੌਰ ਅਤੇ ਬੂਥ ਨੰਬਰ 110 ਦੇ ਬੀ.ਐੱਲ.ਓ. ਦਲਜੀਤ ਸਿੰਘ ਨਾਲ ਸਮੀਖਿਆ ਮੀਟਿੰਗ ਕਰਦਿਆਂ ਕੰਮ ਦੀ ਪ੍ਰਗਤੀ ਬਾਰੇ ਜਾਣਕਾਰੀ ਹਾਸਲ ਕੀਤੀ।
ਸੰਜੀਵ ਸ਼ਰਮਾ ਨੇ ਬੀ.ਐੱਲ.ਓਜ਼ ਨੂੰ ਹਦਾਇਤ ਕੀਤੀ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਲਿੰਗ ਬੂਥਾਂ ਦੀ ਰੈਸ਼ਨਲਾਈਜ਼ੇਸ਼ਨ ਦਾ ਸਾਰਾ ਕੰਮ ਮੌਕੇ 'ਤੇ ਹਰੇਕ ਤੱਥ ਦੀ ਤਸਦੀਕ ਕਰਨ ਉਪਰੰਤ ਹੀ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦਾ ਮੁੱਖ ਉਦੇਸ਼ ਵੋਟਰਾਂ ਨੂੰ ਵਧੇਰੇ ਸੁਵਿਧਾਜਨਕ, ਪਹੁੰਚਯੋਗ ਅਤੇ ਬਿਹਤਰ ਵੋਟਿੰਗ ਸਹੂਲਤਾਂ ਮੁਹੱਈਆ ਕਰਵਾਉਣਾ ਹੈ।
ਉਨ੍ਹਾਂ ਕਿਹਾ ਕਿ ਹਰ ਬੀ.ਐੱਲ.ਓ. ਆਪਣੇ ਖੇਤਰ ਦਾ ਵਿਸਥਾਰ ਨਾਲ ਸਰਵੇਖਣ ਕਰਕੇ ਪੋਲਿੰਗ ਬੂਥਾਂ ਦੀ ਸਥਿਤੀ, ਇਮਾਰਤਾਂ ਦੀ ਉਪਲਬਧਤਾ, ਵੋਟਰਾਂ ਦੀ ਗਿਣਤੀ, ਦੂਰੀ ਅਤੇ ਹੋਰ ਨਿਰਧਾਰਿਤ ਮਾਪਦੰਡਾਂ ਦੇ ਆਧਾਰ 'ਤੇ ਤੱਥਾਂ-ਅਧਾਰਿਤ ਜਾਣਕਾਰੀ ਨਿਰਧਾਰਿਤ ਪ੍ਰੋਫਾਰਮੇ ਵਿੱਚ ਦਰਜ ਕਰੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਗਲਤ ਜਾਣਕਾਰੀ ਲਈ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੱਥਾਂ-ਅਧਾਰਿਤ ਰੈਸ਼ਨਲਾਈਜ਼ੇਸ਼ਨ ਨਾਲ ਨਾ ਸਿਰਫ਼ ਵੋਟਰਾਂ ਨੂੰ ਵਧੀਆ ਸਹੂਲਤਾਂ ਮਿਲਣਗੀਆਂ, ਸਗੋਂ ਚੋਣ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ, ਸੁਚਾਰੂ ਅਤੇ ਨਿਰਪੱਖ ਬਣਾਉਣ ਵਿੱਚ ਵੀ ਮਦਦ ਮਿਲੇਗੀ।
ਉਨ੍ਹਾਂ ਬੀ.ਐੱਲ.ਓਜ਼ ਨੂੰ ਵਿਸ਼ੇਸ਼ ਸੰਖੇਪ ਪੁਨਰੀਖਣ (ਐੱਸ.ਆਈ.ਆਰ.) ਤਹਿਤ 24 ਜੁਲਾਈ 2026 ਤੱਕ ਵੋਟਰਾਂ ਦੇ ਇਨਿਊਮੇਰੇਸ਼ਨ ਫਾਰਮ ਭਰਵਾਉਣ ਵਿੱਚ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਉਨ੍ਹਾਂ ਕਿਹਾ ਕਿ ਭਰੇ ਹੋਏ ਫਾਰਮਾਂ ਨੂੰ ਨਿਰਧਾਰਿਤ ਸਮੇਂ ਅੰਦਰ ਡਿਜੀਟਲਾਈਜ਼ ਕਰਨਾ ਵੀ ਯਕੀਨੀ ਬਣਾਇਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ ਪੋਲਿੰਗ ਬੂਥਾਂ ਦੀ ਰੈਸ਼ਨਲਾਈਜ਼ੇਸ਼ਨ ਦੇ ਕੰਮ ਦੀ ਕੀਤੀ ਸਮੀਖਿਆ ਬੀਐੱਲਓਜ਼ ਨੂੰ ਦਿੱਤੇ ਲੋੜੀਂਦੇ ਨਿਰਦੇਸ਼
