ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਅਕਤੂਬਰ, 2026:- ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਜ਼ਿਲ੍ਹੇ ਦੀਆਂ 10 ਟਰੈਵਲ, ਇਮੀਗ੍ਰੇਸ਼ਨ ਅਤੇ ਆਈਲੈਟਸ ਨਾਲ ਸਬੰਧਤ ਫਰਮਾਂ ਅਤੇ ਕੰਪਨੀਆਂ ਦੇ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ ਹਨ। ਇਹ ਕਾਰਵਾਈ ਲਾਇਸੰਸਾਂ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਨਵੀਨੀਕਰਨ ਲਈ ਅਰਜ਼ੀਆਂ ਨਾ ਦੇਣ ਕਾਰਨ ਕੀਤੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬੰਧਤ ਫਰਮਾਂ ਨੂੰ ਨਿਰਧਾਰਤ ਨਿਯਮਾਂ ਤਹਿਤ ਲਾਇਸੰਸ ਜਾਰੀ ਕੀਤੇ ਗਏ ਸਨ, ਪਰ ਲਾਇਸੰਸਾਂ ਦੀ ਮਿਆਦ ਸਮਾਪਤ ਹੋਣ ਦੇ ਬਾਵਜੂਦ ਇਨ੍ਹਾਂ ਵੱਲੋਂ ਨਵੀਨੀਕਰਨ ਲਈ ਸਬੰਧਤ ਦਫ਼ਤਰ ਵਿੱਚ ਅਰਜ਼ੀਆਂ ਪੇਸ਼ ਨਹੀਂ ਕੀਤੀਆਂ ਗਈਆਂ। ਇਸ ਨੂੰ ਮੁੱਖ ਰੱਖਦਿਆਂ ਇਹ ਕਾਰਵਾਈ ਕੀਤੀ ਗਈ ਹੈ।
ਲਾਇਸੰਸ ਰੱਦ ਕੀਤੀਆਂ ਗਈਆਂ ਫਰਮਾਂ ਵਿੱਚ ਮੈਸ: ਮੇਯੋ ਐਮ.ਡੀ., ਐੱਫ.ਏ. ਐਜੂਕੇਸ਼ਨਜ਼, ਮੈਸ: ਕੇ. ਆਈਲੈਟਸ ਕਲਾਸਿਜ਼, ਮੈਸ: ਹਾਈਲਾਈਨ ਆਈਲੈਟਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼, ਸਟੈਨਬੈਰੀ ਐਜੂ ਸਿਟੀ ਪ੍ਰਾਈਵੇਟ ਲਿਮਟਿਡ, ਬੁੱਲਜ਼ਆਈ ਮਾਈਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼, ਵੀ.ਜੀ. ਕੰਸਲਟੈਂਟਸ, ਸਰਾਓ ਸਰਵਿਸਿਜ਼, ਹਰਸੁੱਖ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਅਤੇ ਸੀਰਤ ਇੰਸਟੀਚਿਊਟ ਐਲ.ਐਲ.ਪੀ. ਸ਼ਾਮਲ ਹਨ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਦੀ ਧਾਰਾ 6(1)(ਈ) ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਉਕਤ ਸਾਰੀਆਂ 10 ਫਰਮਾਂ ਦੇ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤੇ ਗਏ ਹਨ।
ਇਸ ਤੋਂ ਇਲਾਵਾ, ਐਕਟ ਅਤੇ ਨਿਯਮਾਂ ਵਿੱਚ ਦਰਸਾਏ ਅਨੁਸਾਰ, ਜੇਕਰ ਭਵਿੱਖ ਵਿੱਚ ਉਕਤ ਬਿਨੈਕਾਰਾਂ, ਫਰਮਾਂ, ਫਰਮਾਂ ਦੇ ਮਾਲਕਾਂ, ਭਾਈਵਾਲਾਂ, ਕੰਪਨੀਆਂ ਜਾਂ ਕੰਪਨੀਆਂ ਦੇ ਡਾਇਰੈਕਟਰਾਂ ਵਿਰੁੱਧ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ, ਤਾਂ ਉਹ ਹਰ ਪੱਖੋਂ ਉਸ ਦਾ ਨਿਪਟਾਰਾ ਕਰਨ ਲਈ ਖੁਦ ਜ਼ਿੰਮੇਵਾਰ ਹੋਣਗੇ।
