ਨਵਾਂਸ਼ਹਿਰ, - ਗ੍ਰਾਮ ਪੰਚਾਇਤ ਚੋਣਾਂ-2024 ਲਈ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਤੱਕ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਸਰਪੰਚਾਂ ਦੇ ਅਹੁਦਿਆਂ ਲਈ ਕੁੱਲ 1565 ਅਤੇ ਪੰਚਾਂ ਦੇ ਅਹੁਦੇ ਲਈ 4960 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।
      ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਨਾਮਜ਼ਦਗੀਆਂ ਦੀ ਬਲਾਕ-ਵਾਰ ਵੰਡ ਤਹਿਤ ਬੰਗਾ ਬਲਾਕ ਵਿਚ ਸਰਪੰਚਾਂ ਦੇ ਅਹੁਦਿਆਂ ਲਈ ਕੁੱਲ 285 ਅਤੇ ਪੰਚਾਂ ਲਈ 1066 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਨਵਾਂਸ਼ਹਿਰ ਬਲਾਕ ਵਿਚ ਸਰਪੰਚਾਂ ਦੇ ਅਹੁਦੇ ਲਈ ਕੁੱਲ 324 ਨਾਮਜ਼ਦਗੀਆਂ ਅਤੇ ਪੰਚਾਂ ਲਈ ਕੁੱਲ 1261 ਨਾਮਜ਼ਦਗੀਆਂ ਪ੍ਰਾਪਤ ਹੋਈਆਂ।
      ਇਸੇ ਤਰ੍ਹਾਂ ਬਲਾਚੌਰ ਬਲਾਕ ਵਿਚ ਸਰਪੰਚਾਂ ਲਈ ਕੁੱਲ 461 ਅਤੇ ਪੰਚਾਂ ਲਈ ਕੁੱਲ 1143 ਨਾਮਜ਼ਦਗੀਆਂ ਪ੍ਰਾਪਤ ਹੋਈਆਂ, ਜਦਕਿ ਔੜ ਬਲਾਕ ਵਿਚ ਸਰਪੰਚਾਂ ਲਈ 276 ਅਤੇ ਪੰਚਾਂ ਲਈ ਕੁੱਲ 832 ਨਾਮਜ਼ਦਗੀਆਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ ਸੜੋਆ ਬਲਾਕ ਵਿਚ ਸਰਪੰਚਾਂ ਲਈ 219 ਅਤੇ ਪੰਚਾਂ ਲਈ ਕੁੱਲ 658 ਨਾਮਜ਼ਦਗੀਆਂ ਪ੍ਰਾਪਤ ਹੋਈਆਂ।
    ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦਾ ਕੰਮ ਬੀਤੇ ਦਿਨ ਮੁਕੰਮਲ ਹੋਣ ਤੋਂ ਬਾਅਦ ਅੱਜ ਕਾਗਜ਼ਾਂ ਦੀ ਪੜਤਾਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਆਖ਼ਰੀ ਮਿਤੀ 7 ਅਕਤੂਬਰ, 2024 ਨੂੰ ਬਾਅਦ ਦੁਪਹਿਰ 3 ਵਜੇ ਤੱਕ ਹੈ। ਉਨ੍ਹਾਂ ਦੱਸਿਆ ਕਿ ਵੋਟਾਂ 15 ਅਕਤੂਬਰ 2024 ਨੂੰ ਬੈਲਟ ਪੇਪਰਾਂ ਰਾਹੀਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਉਨ੍ਹਾਂ ਦੱਸਿਆ ਕਿ ਵੋਟਾਂ ਦਾ ਕੰਮ ਮੁਕੰਮਲ ਹੋਣ ਉਪਰੰਤ ਗਿਣਤੀ ਉਸੇ ਦਿਨ ਪੋਲਿੰਗ ਸਟੇਸ਼ਨਾਂ 'ਤੇ ਹੀ ਕੀਤੀ ਜਾਵੇ।