ਮਾਹਿਲਪੁਰ, 12 ਅਪਰੈਲ- ਇੱਥੋਂ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਇਤਿਹਾਸ ਵਿਭਾਗ ਵੱਲੋਂ "ਦੇਸ਼ ਦੀ ਵੰਡ : ਜਿੰਮੇਵਾਰ ਕੌਣ" ਵਿਸ਼ੇ 'ਤੇ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਗੁਰੂ ਨਾਨਕ  ਖਾਲਸਾ ਕਾਲਜ ਡਰੋਲੀ ਕਲਾ ਤੋਂ ਇਤਿਹਾਸ ਵਿਭਾਗ ਦੇ ਪ੍ਰੋਫੈਸਰ ਡਾ ਰਾਕੇਸ਼ ਬਾਵਾ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਇਤਿਹਾਸ ਵਿਭਾਗ ਦੇ ਮੁਖੀ ਡਾਕਟਰ ਦੇਵ ਕੁਮਾਰ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ।
 ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਡ ਸਬੰਧੀ ਅਨੇਕਾਂ ਪੁਸਤਕਾਂ ਰਚੀਆਂ ਮਿਲਦੀਆਂ ਹਨ ਜਿਨਾਂ ਵਿੱਚ ਦੇਸ਼ ਦੇ ਬਟਵਾਰੇ ਸਬੰਧੀ ਵਿਦਵਾਨਾਂ ਵੱਲੋਂ ਵੱਖ-ਵੱਖ ਧਿਰਾਂ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੈਕਚਰਾਂ ਦੁਆਰਾ ਵਿਦਿਆਰਥੀ ਇਤਿਹਾਸ ਦੇ ਅਜਿਹੇ ਵਿਸ਼ਿਆਂ ਨੂੰ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਸਮਝ ਸਕਦੇ ਹਨ। ਇਸ ਮੌਕੇ ਰਿਸੋਰਸ ਪਰਸਨ ਡਾ ਰਾਕੇਸ਼ ਬਾਵਾ ਨੇ ਅੰਗਰੇਜ਼ ਬਸਤੀਵਾਦੀ ਦੌਰ ਵਿੱਚ ਭਾਰਤ ਦੀ ਰਾਜਨੀਤਿਕ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਸਥਿਤੀ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਦੇਸ਼ ਦੀ ਵੰਡ ਵਿੱਚ ਜ਼ਿੰਮੇਵਾਰ ਵੱਖ ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਧਿਰਾਂ ਦੀ ਭੂਮਿਕਾ ਬਾਰੇ ਗੰਭੀਰ ਵਿਚਾਰ ਪੇਸ਼ ਕੀਤੇ। 
ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਦੀ 'ਪਾੜੋ ਅਤੇ ਰਾਜ ਕਰੋ' ਦੀ ਨੀਤੀ ਹੀ ਦੇਸ਼ ਦੀ ਵੰਡ ਲਈ ਜ਼ਿੰਮੇਵਾਰ ਨਹੀਂ ਸਗੋਂ ਇਸ ਤੋਂ ਇਲਾਵਾ ਉਸ ਸਮੇਂ ਦੇ ਅਨੇਕਾਂ ਕਾਰਨ ਦੇਸ਼ ਦੇ ਬਟਵਾਰੇ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ।‌ ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਕਿਹਾ ਕਿ ਇਤਿਹਾਸ ਨੂੰ ਕਿਸੇ ਇੱਕ ਦ੍ਰਿਸ਼ਟੀਕੋਣ ਨਾਲ ਕਦੇ ਵੀ ਸਮਝਿਆ ਨਹੀਂ ਜਾ ਸਕਦਾ। ਉਨ੍ਹਾਂ ਵਿਦਿਆਰਥੀਆਂ ਨੂੰ ਨਿਰਪੱਖ ਅਤੇ ਲੋਕ ਪੱਖੀ ਦ੍ਰਿਸ਼ਟੀ ਨਾਲ ਇਤਿਹਾਸਿਕ ਪੁਸਤਕਾਂ ਦਾ ਅਧਿਐਨ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਵਿਦਿਆਰਥੀਆਂ ਵੱਲੋਂ ਦੇਸ਼ ਦੀ ਵੰਡ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦਿੱਤੇ। 
ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਸਮਾਜ ਵਿੱਚ ਵੱਖ-ਵੱਖ ਧਰਮਾਂ ਤੇ ਵਰਗਾਂ ਦੇ ਲੋਕਾਂ ਦੀ ਆਪਸੀ ਸਾਂਝ ਅਤੇ ਮੁਹੱਬਤ ਹਮੇਸ਼ਾ ਰਹੀ ਹੈ ਪਰ ਧਾਰਮਿਕ ਅਤੇ ਸਿਆਸੀ ਆਗੂਆਂ ਦੀਆਂ ਕੋਝੀਆਂ ਚਾਲਾਂ ਦੇਸ਼ ਦੀ ਵੰਡ ਵਰਗੇ ਦੁਖਾਂਤ ਨੂੰ ਜਨਮ ਦਿੰਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਰਬ ਸਾਂਝੀਵਾਲਤਾ ਦੀ ਵਿਚਾਰਧਾਰਾ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਸਮਾਰੋਹ ਮੌਕੇ ਮੰਚ ਦੀ ਕਾਰਵਾਈ ਪ੍ਰੋਫੈਸਰ ਅਨਿਲ ਕਲਸੀ ਨੇ ਚਲਾਈ। ਇਸ ਮੌਕੇ ਪ੍ਰੋ ਜਸਵਿੰਦਰ ਸਿੰਘ, ਡਾ ਜੇ ਬੀ ਸੇਖੋਂ ਅਤੇ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।