ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 11 ਸਤੰਬਰ 2026:- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚਲਾਈ ਜਾ ਰਹੀ ਵਿਸ਼ੇਸ਼ ਡਾਕੂਮੈਂਟਰੀ ਅਧੀਨ ਡੇਰਾਬੱਸੀ ਬਲਾਕ ਦੇ ਪਿੰਡਾਂ ਵਿੱਚ ਲੋਕਾਂ ਨੂੰ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਜੀਵਨ, ਵਿਚਾਰਧਾਰਾ, ਸਿੱਖਿਆਵਾਂ ਅਤੇ ਮਨੁੱਖਤਾ ਨੂੰ ਦਿੱਤੇ ਮਹਾਨ ਸੰਦੇਸ਼ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ।
ਇਸੇ ਲੜੀ ਤਹਿਤ ਪਿੰਡ ਸਰਸੀਣੀ, ਟਿਵਾਣਾ ਅਤੇ ਖਜੂਰ ਮੰਡੀ ਵਿਖੇ ਐਲ.ਈ.ਡੀ. ਸਕਰੀਨ ਰਾਹੀਂ ਕਰੀਬ 30 ਮਿੰਟ ਦੀ ਵਿਸ਼ੇਸ਼ ਦਸਤਾਵੇਜ਼ੀ ਫਿਲਮ ਦਿਖਾਈ ਗਈ।
ਡਿਪਟੀ ਕਮਿਸ਼ਨਰ, ਸ੍ਰੀਮਤੀ ਕੋਮਲ ਮਿੱਤਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਵਿਸ਼ੇਸ਼ ਉਪਰਾਲਾ ਲੋਕਾਂ ਤੱਕ ਗੁਰੂ ਸਾਹਿਬ ਦੀ ਮਹਾਨ ਵਿਚਾਰਧਾਰਾ ਅਤੇ ਸਰਬ ਸਾਂਝੀਵਾਲਤਾ ਦੇ ਸੰਦੇਸ਼ ਨੂੰ ਪਹੁੰਚਾਉਣ ਦਾ ਇੱਕ ਸ਼ਲਾਘਾਯੋਗ ਯਤਨ ਹੈ। ਉਨ੍ਹਾਂ ਕਿਹਾ ਕਿ ਐਲ.ਈ.ਡੀ. ਸਕਰੀਨਾਂ ਰਾਹੀਂ ਪਿੰਡਾਂ ਵਿੱਚ ਦਿਖਾਈ ਜਾ ਰਹੀ ਇਹ ਡਾਕੂਮੈਂਟਰੀ ਲੋਕਾਂ ਨੂੰ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਦਿੱਤੇ ਸਮਾਜਿਕ ਬਰਾਬਰੀ, ਮਾਨਵਤਾ, ਸਾਂਝੀਵਾਲਤਾ ਅਤੇ ਭਾਈਚਾਰਕ ਸਦਭਾਵਨਾ ਦੇ ਸੰਦੇਸ਼ ਨਾਲ ਜੋੜਨ ਵਿੱਚ ਸਹਾਈ ਸਿੱਧ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਨੇ ਆਪਣੀ ਬਾਣੀ ਅਤੇ ਜੀਵਨ ਰਾਹੀਂ ਮਨੁੱਖਤਾ ਨੂੰ ਬਰਾਬਰੀ, ਪ੍ਰੇਮ, ਨਿਮਰਤਾ ਅਤੇ ਆਪਸੀ ਭਾਈਚਾਰੇ ਦਾ ਰਸਤਾ ਦਿਖਾਇਆ। ਉਨ੍ਹਾਂ ਦਾ ਸੰਦੇਸ਼ ਕਿਸੇ ਇੱਕ ਵਰਗ ਜਾਂ ਸਮਾਜ ਤੱਕ ਸੀਮਤ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅੱਜ ਦੇ ਸਮੇਂ ਵਿੱਚ ਵੀ ਉਤਨੀਆਂ ਹੀ ਸਾਰਥਕ ਹਨ ਅਤੇ ਸਮਾਜ ਵਿੱਚ ਆਪਸੀ ਸਤਿਕਾਰ, ਭਾਈਚਾਰਕ ਸਾਂਝ ਅਤੇ ਸਮਾਨਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ।