ਐਸ ਏ ਐਸ ਨਗਰ, 29 ਅਪ੍ਰੈਲ- ਬੀਤੇ ਦਿਨ ਯੂਨਾਈਟਿਡ ਸੁਸਾਇਟੀ, ਸੈਕਟਰ-68, ਮੁਹਾਲੀ ਦੇ ਵਸਨੀਕ ਲਾਲ ਬਹਾਦੁਰ ਵਾਸੀ ਨੂੰ ਆਟੋ ਵਿੱਚ ਬਿਠਾ ਕੇ ਚਾਕੂ ਦਿਖਾ ਕੇ ਉਸਦਾ ਮੋਬਾਈਲ ਫੋਨ ਅਤੇ 1200 ਰੁਪਏ ਖੋਹਣ ਵਾਲੇ ਆਟੋ ਚਾਲਕ ਨੂੰ ਕਾਬੂ ਕਰਨ ਉਪਰੰਤ ਪੁਲਿਸ ਵਲੋਂ ਵਾਰਦਾਤ ਵਿੱਚ ਵਰਤਿਆ ਚਾਕੂ ਅਤੇ ਪੀੜਤ ਦਾ ਮੋਬਾਈਲ ਫੋਨ ਬਰਾਮਦ ਕਰ ਲਿਆ ਗਿਆ ਹੈ।
ਡੀ.ਐਸ.ਪੀ. ਸਿਟੀ 2 ਸ੍ਰੀ ਹਰਸਿਮਰਨ ਸਿੰਘ ਬਾਜਲ ਨੇ ਦੱਸਿਆ ਕਿ ਉਕਤ ਆਟੋ ਚਾਲਕ ਅਜੈ ਪਾਰਚਾ ਵਲੋਂ ਲਾਲ ਬਹਾਦੁਰ ਨੂੰ ਆਪਣੇ ਆਟੋ ਵਿੱਚ ਬਿਠਾਉਣ ਉਪਰੰਤ ਉਸਨੂੰ ਸੁੰਨਸਾਨ ਥਾਂ ਤੇ ਲਿਜਾ ਕੇ ਚਾਕੂ ਦਿਖਾ ਕੇ ਉਸਦਾ ਮੋਬਾਈਲ ਫੋਨ ਅਤੇ 1200 ਰੁਪਏ ਖੋਹ ਲਏ ਸਨ। 
ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਆਟੋ ਚਾਲਕ ਅਜੈ ਪਾਰਚਾ ਨੂੰ ਗ੍ਰਿਫਤਾਰ ਕਰਕੇ ਉਸਦਾ ਰਿਮਾਂਡ ਹਾਸਿਲ ਕੀਤਾ ਸੀ ਅਤੇ ਪੁਲਿਸ ਰਿਮਾਂਡ ਦੌਰਾਨ ਉਸ ਤੋਂ ਵਾਰਦਾਤ ਸਮੇਂ ਵਰਤਿਆ ਚਾਕੂ ਅਤੇ ਮੋਬਾਈਲ ਫੋਨ ਬਰਾਮਦ ਕਰਵਾਇਆ ਗਿਆ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।