ਪਟਿਆਲਾ, 29 ਅਕਤੂਬਰ: ਥਾਣਾ ਸਿਟੀ ਸਮਾਣਾ ਨੇ ਇੱਕ ਅਜਿਹੇ ਧੋਖੇਬਾਜ਼ ਵਿਰੁੱਧ ਮਾਮਲਾ ਦਰਜ ਕੀਤਾ ਹੈ ਜਿਸਨੇ 14 ਵਿਅਕਤੀਆਂ ਨੂੰ ਅਮਰੀਕਾ ਭੇਜਣ ਦਾ ਲਾਲਚ ਦੇ ਕੇ 68 ਲੱਖ ਰੁਪਏ ਤੋਂ ਵੱਧ ਠੱਗੇ। ਠੱਗੇ ਗਏ ਵਿਅਕਤੀਆਂ ਨੂੰ ਦੁਬਈ ਵਿੱਚ ਚਾਰ ਮਹੀਨੇ ਗੁਜ਼ਾਰਨ ਮਗਰੋਂ ਆਪਣੇ ਖ਼ਰਚ 'ਤੇ ਹੀ ਵਾਪਸ ਆਉਣਾ ਪਿਆ। ਇਹ ਪੀੜਤ ਵਿਅਕਤੀ ਇੱਕ ਸਾਲ ਪਹਿਲਾਂ ਕੈਂਪ ਕਲੋਨੀ ਸਰਹਿੰਦ ਰੋਡ ਦੇ ਰਹਿਣ ਵਾਲੇ ਦਮਨਪ੍ਰੀਤ ਸਿੰਘ ਦੇ ਸੰਪਰਕ ਵਿੱਚ ਆਏ ਸਨ ਜਿਸਨੇ 45 ਲੱਖ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਅਮਰੀਕਾ ਭੇਜਣ ਦਾ ਝਾਂਸਾ ਦਿੱਤਾ ਸੀ ਤੇ ਹਰ ਇੱਕ ਤੋਂ 2 ਲੱਖ ਰੁਪਏ ਐਡਵਾਂਸ ਵਿੱਚ ਲੈ ਕੇ ਦੁਬਈ ਰਾਹੀਂ ਅਮਰੀਕਾ ਭੇਜਣ ਦਾ ਲਾਲਚ ਦਿੱਤਾ ਸੀ। ਪੀੜਤਾਂ ਨੂੰ ਕਿਹਾ ਗਿਆ ਸੀ ਕਿ ਉਹ ਦੁਬਈ ਤੋਂ ਇਨ੍ਹਾਂ ਦਾ ਵੀਜ਼ਾ ਲਗਵਾ ਦੇਵੇਗਾ ਪਰ ਚਾਰ ਮਹੀਨੇ ਦੁਬਈ ਵਿੱਚ ਗੁਜ਼ਾਰਨ ਦੇ ਬਾਦ ਵੀ ਉਨ੍ਹਾਂ ਦਾ ਵੀਜ਼ਾ ਨਾ ਲੱਗਾ। ਦੁਬਈ ਤੋਂ ਵੀ ਉਹ ਆਪਣੇ ਕੋਲੋਂ ਖ਼ਰਚਾ ਕਰਦੇ ਰਹੇ। ਦੋਸ਼ੀ ਨੇ ਉਨ੍ਹਾਂ ਤੋਂ ਪ੍ਰਤੀ ਵਿਅਕਤੀ 5 ਹਜ਼ਾਰ ਅਮਰੀਕੀ ਡਾਲਰ ਸ਼ੋਅ ਮਨੀ ਲਈ ਲੈਣ ਦੀ ਗੱਲ ਵੀ ਆਖੀ ਸੀ। ਪੀੜਤ ਜਦੋਂ ਵਾਪਸ ਆਏ ਤਾਂ ਦੋਸ਼ੀ ਤੋਂ ਰਕਮ ਦੀ ਵਾਪਸੀ ਦੀ ਮੰਗ ਕੀਤੀ ਤਾਂ ਉਸ ਨੇ 5 ਲਖ 85 ਹਜ਼ਾਰ ਤਾਂ ਵਾਪਸ ਕਰ ਦਿੱਤੇ ਪਰ 6815000 ਰੁਪਏ ਅਜੇ ਤਕ ਨਹੀਂ ਮੋੜੇ ਬਲਕਿ ਹੁਣ ਉਹ ਧਮਕੀਆਂ ਦੇਣ 'ਤੇ ਉਤਰ ਆਇਆ ਹੈ। ਠੱਗਿ ਦਾ ਸ਼ਿਕਾਰ ਹੋਣ ਵਾਲਿਆਂ ਵਿਚ ਗੁਰੂ ਨਾਨਕ ਦੇ ਪਟਿਆਲਾ ਦੇ ਗੁਰਪਾਲ ਸਿੰਘ ਤੋਂ ਇਲਾਵਾ ਰਾਜਿੰਦਰ ਸਿੰਘ ਪਿੰਡ ਕਾਕੜਾ, ਸ਼ਮਸ਼ੇਰ ਸਿੰਘ, ਬਲਦੇਵ ਸਿੰਘ, ਦਿਲਪ੍ਰੀਤ ਸਿੰਘ, ਗੁਲਨਾਜ਼, ਕਮਲਪ੍ਰੀਤ, ਜਗਰੂਪ ਸਿੰਘ, ਲਵਪ੍ਰੀਤ ਸਿੰਘ, ਨਿਰਮਲ ਸਿੰਘ, ਗੁਰਵਿੰਦਰ ਸਿੰਘ, ਸਤਿਗੁਰ ਸਿੰਘ, ਵਿਪਨਜੀਤ ਸਿੰਘ ਤੇ ਰਵੀ ਕੁਮਾਰ ਸ਼ਾਮਲ ਹਨ।