ਪਟਿਆਲਾ, 18 ਨਵੰਬਰ - ਅਨਾਜ ਮੰਡੀ ਥਾਣੇ ਅਧੀਨ ਆਉਂਦੇ ਪਿੰਡ ਕਰਮਗੜ੍ਹ ਦੇ ਜਸਪਾਲ ਸਿੰਘ ਨੇ ਰਿਪੋਰਟ ਦਰਜ ਕਰਵਾਈ ਹੈ ਕਿ ਉਸਦਾ ਪਿਤਾ ਪਿੰਡ ਫੱਗਣਮਾਜਰਾ ਨੇੜੇ ਪੈਦਲ ਜਾ ਰਿਹਾ ਸੀ ਤਾਂ ਬੱਸ ਨੰ. ਪੀ ਬੀ-11ਸੀ ਬੀ 3655 ਦੇ ਨਾਮਾਲੂਮ ਡਰਾਈਵਰ ਨੇ ਲਾਪ੍ਰਵਾਹੀ ਨਾਲ ਬੱਸ ਉਸ ਵਿੱਚ ਲਿਆ ਮਾਰੀ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀਂ ਹੋ ਗਿਆ ਤੇ ਬਾਅਦ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ। ਪੁਲਿਸ ਨੇ ਆਈ ਪੀ ਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸੇ ਥਾਣੇ ਵਿਖੇ ਜ਼ਿਲ੍ਹਾ ਸਿਹਤ ਅਫ਼ਸਰ ਪਟਿਆਲਾ ਵਿਜੈ ਕੁਮਾਰ ਨੇ ਫੋਕਲ ਪੁਆਇੰਟ ਸਥਿਤ ਆਰ ਕੇ ਚਿਲਿੰਗ ਸੈਂਟਰ ਦੇ ਮਾਲਕ ਰਾਜਿੰਦਰ ਕੁਮਾਰ ਅਤੇ ਐੱਫ ਐਸ ਓ ਸੰਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਕਤ ਸੈਂਟਰ ਦਾ 500 ਕਿੱਲੋ ਪਨੀਰ ਅਤੇ 15 ਕਿੱਲੋ ਬਨਸਪਤੀ ਤੇ ਸਕਿਮਡ ਮਿਲਕ ਸਬ ਸਟੈਂਡਰਡ ਦਾ ਪਾਏ ਜਾਣ 'ਤੇ ਟੈਸਟਿੰਗ ਲਈ ਭੇਜਿਆ ਸੀ। ਜਦੋਂ ਰਿਪੋਰਟ ਆਈ ਤਾਂ ਸਮਾਨ ਦੀ ਟੈਸਟਿੰਗ ਦੁਬਾਰਾ ਕਰਵਾਉਣ ਲਈ ਕਿਹਾ ਗਿਆ ਤਾਂ ਰਾਜਿੰਦਰ ਕੁਮਾਰ ਨੇ ਇਸਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਸੰਦੀਪ ਸਿੰਘ ਨੇ ਸੀਲ ਤੋੜਨ ਉਪਰੰਤ 5 ਕੁਇੰਟਲ ਦੀ ਜਗ੍ਹਾ ਪਨੀਰ ਇੱਕ ਕੁਇੰਟਲ ਹੀ ਪਾਇਆ ਤੇ ਬਾਕੀ ਖੁਰਦ ਬੁਰਦ ਕਰਨਾ ਚਾਹਿਆ।
ਘੱਗਾ :  ਪਿੰਡ ਦੇਧਨਾ ਦੇ ਗੁਰਤੇਜ ਸਿੰਘ ਨੇ ਘੱਗਾ ਥਾਣੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਅਣਪਛਾਤੇ ਵਿਅਕਤੀ ਜਾਂ ਵਿਅਕਤੀਆਂ ਨੇ ਉਸਦੇ ਵਾੜੇ ਵਿੱਚੋਂ ਤਿੰਨ ਮੱਝਾਂ ਚੋਰੀ ਕਰ ਲਈਆਂ ਹਨ। ਪੁਲਿਸ ਨੇ ਆਈ ਪੀ ਸੀ ਦੀਆਂ ਧਾਰਾਵਾਂ 457, 380 ਹੇਠ ਮਾਮਲਾ ਦਰਜ ਕਰ ਲਿਆ ਹੈ।
ਸਿਵਲ ਲਾਈਨਜ਼ : ਅਜੀਤ ਨਗਰ, ਬਰਾੜ ਸਟਰੀਟ ਦੇ ਮਨਜੀਤ ਸਿੰਘ ਨੇ ਨਾਮਾਲੂਮ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ ਕਿ ਜਦੋਂ ਉਹ ਆਪਣੀ ਪਤਨੀ ਸਮੇਤ ਆਪਣੇ ਲੜਕੇ ਨੂੰ ਮਿਲਣ ਮੋਹਾਲੀ ਗਿਆ ਸੀ ਤਾਂ ਪਿੱਛੋਂ ਕਿਸੇ ਨਾਮਾਲੂਮ ਵਿਅਕਤੀ ਜਾਂ ਵਿਅਕਤੀਆਂ ਨੇ ਮਕਾਨ ਦੀ ਕੰਧ ਟੱਪ ਕੇ ਘਰੋਂ 16 ਹਜ਼ਾਰ ਰੁਪਏ ਤੇ ਇੱਕ ਆਈ ਫੋਨ ਚੋਰੀ ਕਰ ਲਿਆ। ਸਿਵਲ ਲਾਈਨਜ਼ ਥਾਣੇ ਨੇ ਚੋਰੀ ਦਾ ਮਾਮਲਾ ਦਰਜ ਕੀਤਾ ਹੈ।
ਤ੍ਰਿਪੜੀ : ਕੇਂਦਰੀ ਜੇਲ੍ਹ ਪਟਿਆਲਾ ਦੇ ਸਹਾਇਕ ਸੁਪਰਡੈਂਟ ਅਮਰਬੀਰ ਸਿੰਘ ਦੀ ਸ਼ਿਕਾਇਤ ਦੇ ਆਧਾਰ 'ਤੇ 8 ਮੋਬਾਈਲ ਤੇ ਹੋਰ ਸਮਾਨ ਮਿਲਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਕੀਤੀ ਗਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਲ੍ਹ ਦੀ ਭੱਠਾ ਬੈਰਕ 2 ਨੇੜਿਉਂ ਕੈਚਡਾ ਮਾਰਕੇ ਦੇ 7 ਮੋਬਾਇਲ ਬ੍ਰਾਮਦ ਕੀਤੇ ਗਏ ਜੋ ਬਹਰੋਂ ਸੁੱਟੇ ਗਏ ਸਨ। ਇਸਤੋਂ ਇਲਾਵਾ 4 ਡਾਟਾ ਕੇਬਲਾਂ ਤੇ 7 ਜਰਦੇ ਦੀਆਂ ਦੀਆਂ ਪੁੜੀਆਂ ਵੀ ਬਰਾਮਦ ਕੀਤੀਆਂ ਗਈਆਂ। ਬੈਰਕ ਨੰ. 1 ਦੇ ਬਾਥਰੂਮ ਵਿੱਚੋਂ ਸਮੇਤ ਬੈਟਰੀ ਪਰ ਬਿਨਾਂ ਸਿਮ ਦੇ ਇੱਕ ਮੋਬਾਇਲ ਬਰਾਮਦ ਕੀਤਾ ਗਿਆ ਹੈ। ਮਾਮਲਾ ਪ੍ਰੀਜ਼ਨ ਐਕਟ ਦੀਆਂ ਧਾਰਾਵਾਂ 42, 52 ਏ ਅਧੀਨ ਦਰਜ ਕੀਤਾ ਗਿਆ ਹੈ।