ਭਵਾਨੀਗੜ੍ਹ, 15 ਸਤੰਬਰ:- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਵਿਖੇ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ 2026-27 ਤਹਿਤ ਰਗਬੀ ਅੰਡਰ-14 (ਲੜਕੇ ਅਤੇ ਲੜਕੀਆਂ) ਦੇ ਰਾਜ ਪੱਧਰੀ ਮੁਕਾਬਲੇ ਪੂਰੇ ਉਤਸ਼ਾਹ ਨਾਲ ਸ਼ੁਰੂ ਹੋਏ। ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸ਼੍ਰੀਮਤੀ ਤਰਵਿੰਦਰ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਮਨਜੀਤ ਕੌਰ ਦੀ ਯੋਗ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਹਨ।
ਇਹਨਾਂ ਮੁਕਾਬਲਿਆਂ ਦਾ ਰਸਮੀ ਉਦਘਾਟਨ ਪਿੰਡ ਘਰਾਚੋਂ ਦੇ ਸਰਪੰਚ ਸ੍ਰ. ਦਲਜੀਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸ੍ਰ. ਰਜਿੰਦਰ ਸਿੰਘ ਰਾਜੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਦਘਾਟਨ ਦੌਰਾਨ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਸਰਪੰਚ ਦਲਜੀਤ ਸਿੰਘ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਅੰਦਰ ਅਨੁਸ਼ਾਸਨ, ਆਪਸੀ ਮਿਲਵਰਤਨ ਅਤੇ ਸਿਹਤਮੰਦ ਜੀਵਨ ਸ਼ੈਲੀ ਪੈਦਾ ਕਰਦੀਆਂ ਹਨ। ਇਸ ਲਈ ਹਰੇਕ ਖਿਡਾਰੀ ਨੂੰ ਖੇਡ-ਭਾਵਨਾ ਅਤੇ ਪੂਰੀ ਇਮਾਨਦਾਰੀ ਨਾਲ ਮੈਦਾਨ ਵਿੱਚ ਨਿੱਤਰਨਾ ਚਾਹੀਦਾ ਹੈ।
ਟੂਰਨਾਮੈਂਟ ਦੇ ਕਨਵੀਨਰ ਸ੍ਰ. ਨਵਕਿਰਨਪ੍ਰੀਤ ਸਿੰਘ ਖੱਟੜਾ (ਲੈਕਚਰਾਰ) ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਨਰੇਸ਼ ਸੈਣੀ ਨੇ ਦੱਸਿਆ ਕਿ ਪਹਿਲੇ ਦਿਨ ਲੜਕੀਆਂ ਦੇ ਵਰਗ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ 12 ਟੀਮਾਂ ਨੇ ਆਪਣੇ ਜੌਹਰ ਦਿਖਾਏ।
ਪਹਿਲੇ ਦਿਨ ਦੇ ਨਤੀਜੇ ਮੁਤਾਬਕ ਸੰਗਰੂਰ ਬਨਾਮ ਬਠਿੰਡਾ ਵਿੱਚ ਸੰਗਰੂਰ ਨੇ ਬਠਿੰਡਾ ਨੂੰ 3-0 ਨਾਲ ਹਰਾਇਆ। ਬਰਨਾਲਾ ਨੇ ਇਕਪਾਸੜ ਮੁਕਾਬਲੇ ਵਿੱਚ ਫ਼ਰੀਦਕੋਟ ਨੂੰ 30-0 ਦੇ ਵੱਡੇ ਫ਼ਰਕ ਨਾਲ ਮਾਤ ਦਿੱਤੀ। ਸ੍ਰੀ ਮੁਕਤਸਰ ਸਾਹਿਬ ਨੇ ਫ਼ਤਹਿਗੜ੍ਹ ਸਾਹਿਬ ਨੂੰ 20-0 ਨਾਲ ਪਛਾੜਿਆ। ਅੰਮ੍ਰਿਤਸਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਲੁਧਿਆਣਾ ਨੂੰ 15-5 ਨਾਲ ਹਰਾ ਕੇ ਅਗਲੇ ਦੌਰ ਵਿੱਚ ਪ੍ਰਵੇਸ਼ ਕੀਤਾ।
ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਕਾਰਗੁਜ਼ਾਰੀ ਨੂੰ ਪਰਖਣ ਲਈ ਸਟੇਟ ਆਬਜ਼ਰਵਰ ਅਤੇ ਸਿਲੈਕਟਰ ਵਜੋਂ ਸ੍ਰ. ਬਲਕਾਰ ਸਿੰਘ ਪੀ.ਟੀ.ਆਈ., ਸ੍ਰ. ਸਤਪਾਲ ਸਿੰਘ ਡੀ.ਪੀ.ਈ., ਸ੍ਰ. ਬੇਅੰਤ ਸਿੰਘ ਡੀ.ਪੀ.ਈ. ਅਤੇ ਸ੍ਰ. ਕਮਲਜੀਤ ਸਿੰਘ ਪੀ.ਟੀ.ਆਈ. ਹਾਜ਼ਰ ਰਹੇ।
ਇਸ ਮੌਕੇ ਖੇਡਾਂ ਦੇ ਓਵਰ-ਆਲ ਇੰਚਾਰਜ ਪ੍ਰਿੰਸੀਪਲ ਸ੍ਰੀ ਦੀਪਕ ਕੁਮਾਰ (ਸ.ਸ.ਸ.ਸ. ਘਰਾਚੋਂ), ਪ੍ਰਿੰਸੀਪਲ ਸ਼੍ਰੀਮਤੀ ਕਰਮਜੀਤ ਕੌਰ, ਪ੍ਰਿੰਸੀਪਲ ਸ਼੍ਰੀਮਤੀ ਜਸਪ੍ਰੀਤ ਕੌਰ, ਪ੍ਰਿੰਸੀਪਲ ਸ੍ਰੀ ਗੁਰਮੀਤ ਸਿੰਘ, ਹੈੱਡਮਾਸਟਰ ਸੁਖਦੀਪ ਸਿੰਘ, ਹੈੱਡਮਾਸਟਰ ਸ੍ਰੀ ਸਪਰਨ ਸਿੰਗਲਾ, ਜਸਤਿੰਦਰ ਸਿੰਘ ਡੀ.ਪੀ.ਈ. ਅਤੇ ਜਸਵੀਰ ਸਿੰਘ (ਲੈਕਚਰਾਰ ਸਰੀਰਕ ਸਿੱਖਿਆ) ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸ੍ਰ. ਸੰਦੀਪ ਸਿੰਘ ਅਤੇ ਅਮਰਜੋਤ ਜੋਸ਼ੀ ਵੱਲੋਂ ਬਾਖ਼ੂਬੀ ਨਿਭਾਈ ਗਈ।
70ਵੀਆਂ ਪੰਜਾਬ ਰਾਜ ਅੰਤਰਜ਼ਿਲ੍ਹਾ ਸਕੂਲ ਖੇਡਾਂ ਰਗਬੀ ਅੰਡਰ14 ਲੜਕੇ ਤੇ ਲੜਕੀਆਂ ਮੁਕਾਬਲਿਆਂ ਦਾ ਘਰਾਚੋਂ ਵਿਖੇ ਸ਼ਾਨਦਾਰ ਆਗਾਜ਼
