ਚੰਡੀਗੜ੍ਹ/ਜਲੰਧਰ:- ਅੰਮ੍ਰਿਤਸਰ ਦਿਹਾਤੀ ਪੁਲਸ ਨੇ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਤਿੰਨ ਨਾਬਾਲਗਾਂ ਸਮੇਤ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਹੈਂਡ ਗ੍ਰੇਨੇਡ, ਦੋ .30 ਬੋਰ ਦੇ ਪਿਸਤੌਲ, 29 ਕਾਰਤੂਸ ਅਤੇ 3.4 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਪਹਿਲੀ ਕਾਰਵਾਈ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਅਜੇ (28), ਵਾਸੀ ਮੂੜ੍ਹ ਖੋਖਰ, ਅਤੇ ਰੌਬਿਨ ਮਸੀਹ ਉਰਫ਼ ਨੋਨੀ (22), ਵਾਸੀ ਸੁਲਤਾਨਵਿੰਡ, ਵਜੋਂ ਹੋਈ ਹੈ।

ਦੂਜੀ ਕਾਰਵਾਈ ਵਿੱਚ ਤਿੰਨ ਨਾਬਾਲਗਾਂ ਸਮੇਤ ਗੁਰਲਾਲ ਸਿੰਘ (20) ਅਤੇ ਰਸ਼ਪਾਲ ਸਿੰਘ (18), ਦੋਵੇਂ ਵਾਸੀ ਲੋਪੋਕੇ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਸ ਟੀਮਾਂ ਨੇ ਉਨ੍ਹਾਂ ਦਾ ਬਿਨਾਂ ਰਜਿਸਟ੍ਰੇਸ਼ਨ ਵਾਲਾ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਕਥਿਤ ਤੌਰ ’ਤੇ ਵਿਦੇਸ਼ ਵਿੱਚ ਬੈਠੇ ਸਮੱਗਲਰਾਂ ਦੇ ਨਿਰਦੇਸ਼ਾਂ ’ਤੇ ਹਥਿਆਰਾਂ ਦੀ ਸਮੱਗਲਿੰਗ ਕਰਕੇ ਅੱਗੇ ਸਪਲਾਈ ਕਰ ਰਹੇ ਸਨ।

ਆਈ.ਜੀ. ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਪੁਖ਼ਤਾ ਸੂਚਨਾ ਮਿਲੀ ਸੀ ਕਿ ਅਜੇ ਨਾਂ ਦੇ ਇੱਕ ਸ਼ੱਕੀ ਵਿਅਕਤੀ ਨੇ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਦੇ ਨਿਰਦੇਸ਼ਾਂ ’ਤੇ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਅਤੇ ਅਸਲੇ ਦੀ ਖੇਪ ਪ੍ਰਾਪਤ ਕੀਤੀ ਸੀ, ਤਾਂ ਜੋ ਇਸ ਦੀ ਅੱਗੇ ਸਪਲਾਈ ਕੀਤੀ ਜਾ ਸਕੇ।