ਨਵਾਂਸ਼ਹਿਰ, 3 ਸਤੰਬਰ:- ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਅੱਜ ਸਾਥੀਆਂ ਸਮੇਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਚਰਨਛੋਹ ਗੰਗਾ ਅੰਮਿ੍ਤਕੁੰਡ ਸੱਚਖੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ | ਉਨ੍ਹਾਂ ਆਖਿਆ ਕਿ ਕੇਂਦਰ ਦੀ ਭਾਜਪਾ ਅਤੇ ਪੰਜਾਬ ਦੀ ਆਪ ਸਰਕਾਰ ਦੋਨੋਂ ਆਦਿ ਧਰਮੀ ਸਮਾਜ ਦੀਆਂ ਵੋਟਾਂ ਬਟੋਰਨ ਲਈ ਆਏ ਦਿਨ ਨਵੇਂ ਹੱਥਕੰਡੇ ਅਪਣਾਅ ਰਹੀਆਂ ਹਨ ਜਦਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਅਪਣਾਉਣ ਵਾਲੇ ਲੋਕ ਹੁਣ ਇਨ੍ਹਾਂ ਦੀਆਂ ਲੂੰਬੜ ਚਾਲਾਂ ਤੋਂ ਭਲੀਭਾਂਤ ਜਾਣੂੰ ਹਨ | ਪੰਜਾਬ ਦਾ ਦਲਿਤ ਵਰਗ ਹੁਣ ਇਨ੍ਹਾਂ ਦੇ ਕਿਸੇ ਵੀ ਝਾਂਸੇ ਵਿਚ ਨਹੀਂ ਆਵੇਗਾ |
ਉਨ੍ਹ੍ਹਾਂ ਆਖਿਆ ਕਿ ਆਪ ਸਰਕਾਰ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਤੇ ਗੁਰੂ ਰਵਿਦਾਸ ਮਹਾਰਾਜ ਜੀ ਦਾ 650ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਵੀ ਇਕ ਲੋਕਾਂ ਨੂੰ ਝਾਂਸੇ 'ਚ ਲੈਣ ਦਾ ਅਡੰਬਰ ਰਚਿਆ ਹੈ ਜਦਕਿ ਆਪ ਵਾਲੇ ਦੱਸਣ ਉਨ੍ਹਾਂ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਤੇ ਸੰਗਤ ਦੀ ਸਹੂਲਤ ਲਈ ਕੀਤਾ ਕੀ ਹੈ ? ਸਾਰੇ ਪ੍ਰਬੰਧ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ |
ਉਨ੍ਹਾਂ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਵੀ ਦਲਿਤ ਵੋਟ ਬੈਂਕ ਤੇ ਡੂੰਘੀ ਸੱਟ ਮਾਰਨ ਦੇ ਰੌਅ 'ਚ ਹੈ ਪਰ ਉਸ ਦਾ ਵੀ ਇਹ ਭੁਲੇਖਾ ਮੰਨ ਵਿਚ ਹੀ ਰਹਿ ਜਾਵੇਗਾ ਕਿਉਂਕਿ ਦਲਿਤ ਸਮਾਜ ਹੁਣ ਨਾ ਵਿਕਣ ਵਾਲਾ ਸਮਾਜ ਤਿਆਰ ਹੋ ਚੁੱਕਾ ਹੈ | ਬਸਪਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਮੁਹਿੰਮ ਦੌਰਾਨ ਉਨ੍ਹਾਂ ਦੀ ਪਾਰਟੀ ਵਲੋਂ ਦਿੱਲੀ ਤੋਂ ਲੈ ਕੇ ਪੰਜਾਬ ਦੇ ਕੋਨੇ ਕੋਨੇ ਤੱਕ ਪਰਾਧੀਨਤਾ ਦਾ ਅੰਤ ਅਤੇ ਬੇਗਮਪੁਰਾ ਦਾ ਸੰਕਲਪ ਸਬੰਧੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ 'ਚ ਪ੍ਰਚਾਰ ਦੇ ਰੂਪ 'ਚ ਲਾਮਬੰਦੀ ਕੀਤੀ ਜਾ ਰਹੀ ਹੈ |
ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿਚ 2027 ਦੌਰਾਨ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਹਰ ਤਰ੍ਹਾਂ ਦੀ ਗੁਲਾਮੀ ਅਤੇ ਨਾ-ਬਰਾਬਰੀ ਦਾ ਖਾਤਮਾ ਕਰਕੇ ਬਸਪਾ ਦੀ ਸਰਕਾਰ (ਬੇਗਮਪੁਰਾ ਰਾਜ) ਬਣਾ ਕੇ ਮਨਾਇਆ ਜਾਵੇਗਾ | ਡਾ. ਕਰੀਮਪੁਰੀ ਨੇ ਵਿਰੋਧੀ ਧਿਰਾਂ 'ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਭਾਜਪਾ ਵੱਲੋਂ ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਢਹਿ-ਢੇਰੀ ਕਰਨਾ, ਰੋਸ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ 'ਤੇ ਹੰਝੂ ਗੈਸ ਛੱਡਣਾ, ਲਾਠੀਚਾਰਜ ਕਰਨਾ ਅਤੇ ਝੂਠੇ ਪਰਚੇ ਦਰਜ ਕਰਨਾ ਭਾਜਪਾ ਦੇ ਦੋਹਰੇ ਚਰਿੱਤਰ ਨੂੰ ਜੱਗ-ਜ਼ਾਹਿਰ ਕਰਦਾ ਹੈ|
ਉਨ੍ਹਾਂ ਅੱਗੇ ਕਿਹਾ ਕਿ ਇਸੇ ਤਰ੍ਹਾਂ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵੱਲੋਂ ਜਲੰਧਰ ਜ਼ਿਲ੍ਹੇ ਦੇ ਪਿੰਡ ਧਲੇਤਾ ਵਿਚ ਗੁਰੂ ਰਵਿਦਾਸ ਗੁਰੂ ਘਰ ਨੂੰ ਢਾਹੁਣਾ ਅਤੇ ਗੁਰੂ-ਘਰ ਦੀਆਂ ਸੰਗਤਾਂ, ਮਾਵਾਂ, ਧੀਆਂ ਤੇ ਭੈਣਾਂ ਨੂੰ ਪੁਲਿਸ ਵੱਲੋਂ ਧੂਹ-ਘਸੀਟ ਕੇ ਥਾਣਿਆਂ ਵਿਚ ਬੰਦ ਕਰਨਾ 'ਆਪ' ਸਰਕਾਰ ਦੇ ਗੁਰੂ-ਵਿਰੋਧੀ ਮਾਨਸਿਕਤਾ ਨੂੰ ਦਰਸਾਉਂਦਾ ਹੈ |
ਬਸਪਾ ਸੂਬਾ ਪ੍ਰਧਾਨ ਨੇ ਦੁਹਰਾਇਆ ਕਿ ਬਹੁਜਨ ਸਮਾਜ ਪਾਰਟੀ ਗੁਰੂ ਸਾਹਿਬ ਦੇ ਸਨਮਾਨ ਦੀ ਲੜਾਈ ਨਿਰੰਤਰ ਲੜਦੀ ਰਹੀ ਹੈ ਅਤੇ ਅੱਗੇ ਵੀ ਲੜਦੀ ਰਹੇਗੀ | ਪਾਰਟੀ ਗੁਰੂ ਸਾਹਿਬ ਦੀ ਸੋਚ 'ਤੇ ਅਧਾਰਿਤ 'ਬੇਗਮਪੁਰਾ' ਸਮਾਜ ਦੀ ਸਥਾਪਨਾ ਲਈ ਸੰਗਤਾਂ ਨੂੰ ਇੱਕਜੁੱਟ ਕਰੇਗੀ ਅਤੇ ਪਿੰਡ-ਪਿੰਡ ਸਮਾਗਮ ਉਲੀਕ ਕੇ ਜਾਗਰੂਕਤਾ ਮੁਹਿੰਮ ਨੂੰ ਹੋਰ ਪ੍ਰਚੰਡ ਕਰੇਗੀ | ਇਸ ਮੌਕੇ ਤੇ ਡਾ:ਕਰੀਮਪੁਰੀ ਅਤੇ ਸਾਥੀਆਂ ਨੂੰ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਅਤੇ ਸਵਾਗਤੀ ਕਮੇਟੀ ਦੇ ਮੁਖੀ ਜਗਦੀਸ਼ ਕੁਮਾਰ ਵਲੋਂ ਸਨਮਾਨਿਤ ਵੀ ਕੀਤਾ ਗਿਆ |
ਇਸ ਮੌਕੇ ਤੇ ਉਨ੍ਹਾਂ ਨਾਲ ਬਲਵਿੰਦਰ ਬਿੱਟਾ ਲੁਧਿਆਣਾ ਜਨਰਲ ਸਕੱਤਰ ਪੰਜਾਬ, ਸੰਤ ਦਿਆਲ ਚੰਦ ਬੰਗਾ, ਟਿੰਕੂ ਅਡੌਨ ਅਤੇ ਕੁਝ ਹੋਰ ਆਗੂ ਵੀ ਹਾਜ਼ਰ ਸਨ |
650ਵਾਂ ਪ੍ਰਕਾਸ਼ ਪੁਰਬ ਗੁਰੂ ਰਵਿਦਾਸ ਜੀ ਦੀ ਸੋਚ ਤੇ ਅਧਾਰਿਤ ਬੇਗਮਪੁਰਾ ਰਾਜ ਕਾਇਮ ਕਰਕੇ ਮਨਾਇਆ ਜਾਵੇਗਾ ਡਾ ਅਵਤਾਰ ਸਿੰਘ ਕਰੀਮਪੁਰੀ
