ਜੈਤੋ, 27 ਨਵੰਬਰ:- ਡਾ. ਪ੍ਰਗਿਆ ਜੈਨ, ਐਸ.ਐਸ.ਪੀ ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾੜੇ ਤੇ ਸ਼ਰਾਰਤੀ ਅਨਸਰਾਂ ਵਿਰੁੱਧ “ਜ਼ੀਰੋ ਟਾਲਰੈਂਸ” ਦੀ ਨੀਤੀ ਅਨੁਸਾਰ ਕੜੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਫਰੀਦਕੋਟ ਪੁਲਿਸ ਨੇ ਪਿੰਡ ਜਲਾਲੇਆਣਾਂ ਵਿੱਚ 02 ਮਹਿਲਾਵਾ ਵੱਲੋ ਆਪਸੀ ਝਗੜੇ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਫਟ ਜਾਣ ਦੇ ਇੱਕ ਸੰਵੇਦਨਸ਼ੀਲ ਕੇਸ ਨੂੰ ਸਿਰਫ ਕੁੱਝ ਘੰਟਿਆਂ ਵਿੱਚ ਸੁਲਝਾਉਂਦੇ ਹੋਏ ਇਸ ਵਿੱਚ ਦੋਸ਼ੀ ਦੋਨੋ ਮਹਿਲਾਵਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 
ਇਹ ਜਾਣਕਾਰੀ ਸ਼੍ਰੀ ਸੰਜੀਵ ਕੁਮੀਰ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਵੱਲੋ ਸਾਂਝੀ ਕੀਤੀ ਗਈ। ਗ੍ਰਿਫਤਾਰ ਮਹਿਲਾਵਾ ਦੀ ਪਹਿਚਾਣ ਕੁਲਦੀਪ ਕੌਰ ਪਤਨੀ ਜੁਗਰਾਜ ਸਿੰਘ ਅਤੇ ਵੀਰਾਂ ਕੌਰ ਪਤਨੀ ਹਰਪਾਲ ਸਿੰਘ ਵਜੋਂ ਹੋਈ ਹੈ, ਜੋ ਦੋਨੋਂ ਮਹਿਲਾਵਾ ਪਿੰਡ ਜਲਾਲੇਆਣਾ (ਜਿਲ੍ਹਾ ਫਰੀਦਕੋਟ) ਦੀਆ ਹੀ  ਰਿਹਾਇਸ਼ੀ ਹਨ। 
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਇੱਕ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਜਲਾਲੇਆਣਾ ਵਿਖੇ ਉਸੇ ਪਿੰਡ ਦੀਆ 02 ਮਹਿਲਾਵਾ ਕੁਲਦੀਪ ਕੌਰ ਅਤੇ ਵੀਰਾਂ ਕੌਰ ਵੱਲੋ ਆਪਿਸ ਵਿੱਚ ਬਹਿਸ ਕਰਦੀਆ ਹੋਈਆ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਿਲ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਜੋਰ ਨਾਲ ਹੱਥ ਮਾਰੇ, ਜਿਸ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੁਮਾਲਾ ਸਾਹਿਬ ਅਤੇ ਉੱਪਰ ਪਿਆ ਖਾਲਸਾ ਤੀਰ ਨੀਚੇ ਜਮੀਨ ਪਰ ਡਿੱਗ ਪਏ। 
ਜਿਸ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 05 ਪਵਿੱਤਰ ਅੰਗ ਫਟ ਗਏ। ਜਿਸ ਸਬੰਧੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਜਗਵਿੰਦਰ ਸਿੰਘ ਦੇ ਬਿਆਨਾ ਦੇ ਅਧਾਰ ਤੇ ਸਬੰਧਿਤ ਮਹਿਲਾਵਾ ਖਿਲਾਫ ਮੁਕੱਦਮਾ ਨੰਬਰ 233 ਮਿਤੀ 26.11.2025 ਅਧੀਨ ਧਾਰਾ 299, 3(5) ਬੀ.ਐਨ.ਐਸ ਥਾਣਾ ਸਦਰ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ। ਜਿਸ ਦੌਰਾਨ ਪੁਲਿਸ ਟੀਮਾਂ ਵੱਲੋਂ ਤੁਰੰਤ ਤੇ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਇਸ ਮਾਮਲੇ ਵਿੱਚ ਕਥਿਤ ਦੋਸ਼ੀ ਦੋਵੇਂ ਮਹਿਲਾਵਾ ਕੁਲਦੀਪ ਕੌਰ ਅਤੇ ਵੀਰਾਂ ਕੌਰ ਨੂੰ ਕੁੱਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ।
 ਇਹਨਾਂ ਦੋਵੇਂ ਮਹਿਲਾਵਾਂ ਨਾਲ ਕੀਤੀ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਵਾਂ ਮਹਿਲਾਵਾ ਵਿਚਕਾਰ ਨਿੱਜੀ ਮਸਲੇ ਦੌਰਾਨ ਹੋਈ ਤਿੱਖੀ ਬਹਿਸ ਸਮੇ ਗੁੱਸੇ ਵਿੱਚ ਸਹੁੰ ਖਾਣ ਵੇਲੇ ਅਣਜਾਣੇ ਤੌਰ ‘ਤੇ ਇਹ ਘਟਨਾ ਵਾਪਰ ਗਈ। ਡੀ.ਐਸ.ਪੀ ਕੋਟਕਪੂਰਾ ਨੇ ਦੱਸਿਆ ਕਿ ਮਾਮਲਾ ਸੰਵੇਦਨਸ਼ੀਲ ਹੋਣ ਕਰਕੇ ਸ਼ੁਰੂ ਤੋਂ ਹੀ ਵਧੀਕ ਸੰਜੀਦਗੀ ਨਾਲ ਕੰਮ ਕੀਤਾ ਗਿਆ ਅਤੇ ਦੋਵੇਂ ਮਹਿਲਾਵਾਂ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਲਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਸ਼ੁਰੂ ਕੀਤੀ ਗਈ ਹੈ। 
ਉਕਤ ਦੋਨੋ ਦੋਸ਼ੀ ਮਹਿਲਾਵਾ ਹੁਣ ਫਰੀਦਕੋਟ ਪੁਲਿਸ ਦੀ ਗ੍ਰਿਫਤ ਵਿੱਚ ਹਨ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ। ਇਹਨਾ ਨੂੰ ਮਾਨਯੋਗ ਅਦਾਲਤ ਅੱਗੇ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਹੋਰ ਪੁੱਛਗਿੱਛ ਕੀਤੀ ਜਾ ਸਕੇ। ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰਦੇ ਹੋਏ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਜਾ ਰਹੀ ਹੈ। ਤਾ ਜੋ ਕੋਈ ਵੀ ਵਿਅਕਤੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਜਾਂ ਸਮਾਜਕ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਹਿੰਮਤ ਨਾ ਕਰ ਸਕੇ।