ਪਟਿਆਲਾ, 5 ਅਕਤੂਬਰ (ਮਨਪ੍ਰੀਤ ਸਿੰਘ):- ਉਪਵੈਦ ਦਾ ਡਿਪਲੋਮਾ ਕਰਕੇ ਪਿਛਲੇ 11 ਸਾਲਾਂ ਤੋਂ ਸਰਕਾਰੀ ਭਰਤੀ ਦੀ ਉਡੀਕ ਕਰ ਰਹੇ ਬੇਰੁਜ਼ਗਾਰ ਉਪਵੈਦਾਂ ਨੇ ਹੁਣ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਬੇਰੁਜ਼ਗਾਰ ਉਪਵੈਦ ਯੂਨੀਅਨ ਨੇ ਸਿਹਤ ਵਿਭਾਗ ਵੱਲੋਂ ਭਰਤੀ ਨਾ ਕਰਨ ਦੇ ਰੋਸ ਵਜੋਂ 11 ਅਕਤੂਬਰ ਨੂੰ ਸਿਹਤ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਪੱਕਾ ਧਰਨਾ ਦੇਣ ਦਾ ਅਲਟੀਮੇਟਮ ਦਿੱਤਾ ਹੈ।
ਯੂਨੀਅਨ ਵੱਲੋਂ ਇਹ ਗੱਲ ਵੀ ਉਠਾਈ ਜਾ ਰਹੀ ਹੈ ਕਿ ਸਿਹਤ ਮੰਤਰੀ ਨੇ 1 ਅਕਤੂਬਰ ਨੂੰ ਯੂਨੀਅਨ ਨਾਲ ਪੈਨਲ ਮੀਟਿੰਗ ਦਾ ਸਮਾਂ ਦਿੱਤਾ ਸੀ ਅਤੇ ਇਸ ਸਬੰਧੀ ਲਿਖਤੀ ਪੱਤਰ ਵੀ ਦਿੱਤਾ ਗਿਆ ਸੀ। ਪਰ ਯੂਨੀਅਨ ਅਨੁਸਾਰ 1 ਅਕਤੂਬਰ ਵਾਲੇ ਦਿਨ ਸਿਹਤ ਮੰਤਰੀ ਮੀਟਿੰਗ ਤੋਂ ਪਿੱਛੇ ਹਟ ਗਏ ਅਤੇ ਉਨ੍ਹਾਂ ਨੇ ਯੂਨੀਅਨ ਨਾਲ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ। ਮੀਟਿੰਗ ਨਾ ਮਿਲਣ ’ਤੇ ਯੂਨੀਅਨ ਵੱਲੋਂ ਨਾਰਾਜ਼ਗੀ ਵੀ ਜਤਾਈ ਗਈ।
ਇਸ ਮੌਕੇ ਸੂਬਾ ਪ੍ਰਧਾਨ ਹਰਵਿੰਦਰ ਸਿੰਘ ਥੂਹੀ, ਮੀਤ ਪ੍ਰਧਾਨ ਰਵਿੰਦਰ ਸਿੰਘ ਅਤੇ ਫਾਜ਼ਿਲਕਾ ਜ਼ਿਲ੍ਹਾ ਪ੍ਰਧਾਨ ਅਵੀ ਕੁਮਾਰ ਨੇ ਕਿਹਾ ਕਿ ਪਿਛਲੇ 11 ਸਾਲਾਂ ਤੋਂ ਨੌਜਵਾਨ ਡਿਪਲੋਮੇ ਹੱਥਾਂ ਵਿੱਚ ਲੈ ਕੇ ਸਰਕਾਰਾਂ ਵੱਲ ਤੱਕ ਰਹੇ ਹਨ, ਪਰ ਅਜੇ ਤੱਕ ਉਪਵੈਦਾਂ ਦੀ ਇੱਕ ਵੀ ਨਵੀਂ ਭਰਤੀ ਨਹੀਂ ਕੀਤੀ ਗਈ। ਉਨ੍ਹਾਂ ਸਰਕਾਰ ਤੋਂ ਖਾਲੀ ਅਸਾਮੀਆਂ ਦੀ ਗਿਣਤੀ ਕਰਕੇ ਤੁਰੰਤ ਭਰਤੀ ਦਾ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਭਰਤੀ ਸਬੰਧੀ ਕੋਈ ਠੋਸ ਫ਼ੈਸਲਾ ਨਾ ਲਿਆ ਗਿਆ ਤਾਂ ਯੂਨੀਅਨ ਵੱਲੋਂ ਆਪਣਾ ਹੱਕ ਲੈਣ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਅਵੀ ਕੁਮਾਰ, ਰਿੰਪੀ ਰਾਣੀ, ਜੋਤੀ ਰਾਣੀ, ਸੁਮਨ, ਦੀਪਕ, ਗੁਰਦੀਪ ਸਿੰਘ, ਰਮਨਪ੍ਰੀਤ ਆਦਿ ਹਾਜ਼ਰ ਰਹੇ।
