ਫਿਰਕੂ ਏਕਤਾ ਨੂੰ ਦਰਪੇਸ਼ ਚੁਨੋਤੀਆਂ
26 ਜਨਵਰੀ ਦਾ ਦਿਨ ਹਰ ਭਾਰਤੀ ਲਈ ਸੁਭਾਗਦਿਨ ਹੈ। ਅਸੀਂ 26 ਜਨਵਰੀ 1950 ਦੇ ਉਸ ਭਾਗਾਂ ਭਰੇ ਦਿਹਾੜੇ ਨੂੰ ਯਾਦ ਕਰਦੇ ਹਾਂ, ਜਿਸ ਦਿਨ ਸਾਡੇ ਦੇਸ਼ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ। ਇਸ ਦਿਨ ਹਰ ਭਾਰਤ ਵਾਸੀ ਸੰਵਿਧਾਨ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਉ ਅੰਬੇਦਕਰ ਜੀ ਨੂੰ ਨਮਨ ਕਰਦਾ ਹੈ। ਹਰ ਸਾਲ ਦੀ ਤਰਾਂ ਇਸ ਵਾਰ ਵੀ ਦੇਸ਼ ਭਰ ਵਿਚ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸੀ। ਪਰ ਇਸ ਦਿਨ ਅੰਮ੍ਰਿਤਸਰ ਵਿਖੇ ਹੋਈ
26 ਜਨਵਰੀ ਦਾ ਦਿਨ ਹਰ ਭਾਰਤੀ ਲਈ ਸੁਭਾਗਦਿਨ ਹੈ। ਅਸੀਂ 26 ਜਨਵਰੀ 1950 ਦੇ ਉਸ ਭਾਗਾਂ ਭਰੇ ਦਿਹਾੜੇ ਨੂੰ ਯਾਦ ਕਰਦੇ ਹਾਂ, ਜਿਸ ਦਿਨ ਸਾਡੇ ਦੇਸ਼ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਸੀ। ਇਸ ਦਿਨ ਹਰ ਭਾਰਤ ਵਾਸੀ ਸੰਵਿਧਾਨ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ: ਭੀਮ ਰਾਉ ਅੰਬੇਦਕਰ ਜੀ ਨੂੰ ਨਮਨ ਕਰਦਾ ਹੈ। ਹਰ ਸਾਲ ਦੀ ਤਰਾਂ ਇਸ ਵਾਰ ਵੀ ਦੇਸ਼ ਭਰ ਵਿਚ ਗਣਤੰਤਰ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸੀ। ਪਰ ਇਸ ਦਿਨ ਅੰਮ੍ਰਿਤਸਰ ਵਿਖੇ ਹੋਈ ਮੰਦਭਾਗੀ ਘਟਨਾ ਨੇ ਹਰ ਸੰਵੇਦਨਸ਼ੀਲ ਵਿਅਕਤੀ ਨੂੰ ਝੰਜੋੜ ਕੇ ਰੱਖ ਦਿੱਤਾ । ਸ਼ਹਿਰ ਦੇ ਭਰਪੂਰ ਰੌਣਕ ਵਾਲੇ ਇਲਾਕੇ, ਹੈਰੀਟੇਜ਼ ਸਟਰੀਟ ਵਿਚ ਸਥਾਪਿਤ ਬਾਬਾ ਸਾਹਿਬ ਦੇ ਬੁੱਤ ਨੂੰ ਇਕ ਸਿਰਫਿਰੇ ਨੌਜਵਾਨ ਵੱਲੋਂ ਨੁਕਸਾਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਗਈ । ਇਸ ਘਟਨਾ ਤੋਂ ਬਾਅਦ ਪੂਰੇ ਦੇਸ਼, ਖਾਸ ਤੌਰ ਤੇ ਪੰਜਾਬ ਵਿਚ ਰੋਸ ਦੀ ਲਹਿਰ ਹੈ । ਇਸ ਘਟਨਾ ਦੀ ਚੌਤਰਫ਼ਾ ਨਿੰਦਾ ਹੋ ਰਹੀ ਹੈ। ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂ ਇਸ ਘਿਨਾਉਣੀ ਹਰਕਤ ਦੀ ਨਿੰਦਾ ਕਰ ਰਹੇ ਹਨ ਅਤੇ ਦੋਸ਼ੀ ਵਿਅਕਤੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰ ਰਹੇ ਹਨ।
ਬਿਨਾ ਸ਼ੱਕ ਇਹ ਇਕ ਨਾ ਮਆਫੀਯੋਗ ਹਰਕਤ ਹੈ, ਜਿਸ ਨੇ ਹਰ ਦੇਸ਼ ਵਾਸੀ ਦੇ ਹਿਰਦੇ ਨੂੰ ਡੂੰਘੀ ਸੱਟ ਮਾਰੀ ਹੈ। ਪਰ ਇਸ ਘਟਨਾ ਦੀ ਡੂੰਘਾਈ ਵਿਚ ਜਾਣ ਦੀ ਲੋੜ ਹੈ । ਇਸਦੇ ਪਿਛੇ ਇਕ ਸੋਚੀ ਸਮਝੀ ਸਾਜ਼ਿਸ਼ ਹੈ ਜਿਸ ਵਿਚ ਕਿਸ ਇਕ ਵਿਅਕਤੀ ਦਾ ਦਿਮਾਗ ਸ਼ਾਮਿਲ ਨਹੀਂ । ਇਸ ਘਟਨਾ ਤੋਂ ਬਾਅਦ ਉਸ ਵਿਅਕਤੀ ਆਕਾਸ਼ਦੀਪ ਸਿੰਘ ਦਾ ਪਰਿਵਾਰ ਵੀ ਸਾਹਮਣੇ ਆਇਆ । ਉਨਾਂ ਦੀ ਆਰਥਿਕ ਸਥਿਤੀ ਤੋਂ ਸਹਿਜ਼ ਹੀ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸ਼ਰਾਰਤੀ ਤਾਕਤਾਂ ਕਿਵੇਂ ਗਰੀਬ ਘਰ ਦੇ ਨੌਜਵਾਨਾਂ ਨੂੰ ਆਪਣੇ ਖ਼ਤਰਨਾਕ ਮਨਸੂਬਿਆਂ ਲਈ ਵਰਤ ਸਕਦੇ ਹਨ । ਮੀਡਿਆ ਵੱਲੋਂ ਵਾਰ ਵਾਰ ਜ਼ੋਰ ਦੇ ਕੇ ਇਹ ਐਲਾਨਿਆ ਜਾ ਰਿਹਾ ਹੈ ਕਿ ਆਕਾਸ਼ਦੀਪ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੈ। ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸ਼ਰਾਰਤੀ ਤੇ ਸਿਰਫਿਰੇ ਲੋਕਾਂ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ, ਉਨਾਂ ਦਾ ਮੰਤਵ ਸਿਰਫ਼ ਸਮਾਜ ਵਿਚ ਵੰਡੀਆਂ ਪਾਉਣਾ ਜਾਂ ਗੜਬੜ ਫੈਲਾਉਣਾ ਹੀ ਹੁੰਦਾ ਹੈ। ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਇਹਨਾਂ ਚਾਲਾਂ ਦੀ ਗਹਿਰਾਈ ਨਾਲ ਜਾਂਚ ਕਰਕੇ ਇਸਦੇ 'ਮਾਸਟਰਮਾਇੰਡ' ਸਾਜ਼ਿਸ਼ ਘਾੜਿਆ ਤੱਕ ਪਹੁੰਚਣਾ ਚਾਹੀਦਾ ਹੈ।
ਪੰਜਾਬ ਹਮੇਸ਼ਾ ਸਰਬ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲਾ ਸੂਬਾ ਰਿਹਾ ਹੈ। ਭਾਈਚਾਰਕ ਸਾਂਝ ਪੰਜਾਬੀਆਂ ਦੇ ਉਦਾਰ ਸੁਭਾਵ ਦਾ ਹਿੱਸਾ ਹੈ । ਪਰ ਸਮੋਂ ਸਮੋਂ ਤੇ ਹਕੂਮਤਾਂ ਤੇ ਫਿਰਕੂ ਤਾਕਤਾਂ ਦੀਆਂ ਚਾਲਾਂ ਕਾਰਨ ਪੰਜਾਬ ਨੇ ਸਭ ਤੋਂ ਵੱਧ ਸੰਤਾਪ ਨੂੰ ਚਾਲੀਆ ਹੈ । ਚਾਹੇ 1947 ਵਿਚ ਦੇਸ਼ ਦੀ ਵੰਡ ਹੋਵੇ ਜਾਂ 80 ਦੇ ਦਹਾਕਿਆਂ ਦਾ ਕਾਲਾ ਦੌਰ ਹੋਏ, ਪੰਜਾਬ ਨੇ ਤਬਾਹੀ ਦੀ ਇੰਤਹਾ ਵੇਖੀ ਹੈ । ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਗਰੀਬੀ ਆਪਣੇ ਆਪ ਵਿਚ ਇਕ ਸਰਾਪ ਹੈ । ਗਰੀਬ ਤੇ ਲੋੜਵੰਦ ਵਿਅਕਤੀ ਨੂੰ ਆਸਾਨੀ ਨਾਲ ਭਰਮਾਇਆ ਤੇ ਗੁੰਮਰਾਹ ਕੀਤਾ ਜਾ ਸਕਦਾ ਹੈ । ਪੰਜਾਬ ਤੇ ਦੇਸ਼ ਦੇ ਹੋਰ ਸੂਬਿਆਂ ਵਿਚ ਧਰਮ ਪਰਿਵਰਤਨ, ਡੇਰਿਆਂ ਪ੍ਰਤੀ ਆਕਰਸ਼ਣ ਜਾਂ ਗੈਰਕਾਨੂੰਨੀ ਗਤੀਵਿਧੀਆਂ ਵਿਚ ਗਰੀਬ ਲੋਕਾਂ ਦੀ ਸ਼ਮੂਲੀਅਤ ਇਸ ਤੱਥ ਨੂੰ ਪਰਿਪਕ ਕਰਦੀ ਹੈ।
ਪੰਜਾਬ ਦੀ ਧਾਰਮਿਕ ਸਦਭਾਵਨਾ ਹਮੇਸ਼ਾ ਹੀ ਇਕ ਮਿਸਾਲ ਬਣਕੇ ਉਭਰੀ ਹੈ । ਇਥੇ ਜਾਤ ਪਾਤ ਦਾ ਵਿਤਕਰਾ ਪੂਰੀ ਤਰਾਂ ਨਾਲ ਸਮਾਪਤ ਹੋ ਚੁੱਕਾ ਹੈ । ਦੂਜੇ ਧਰਮਾਂ ਦਾ ਸਤਿਕਾਰ ਕਰਨ ਦੀਆਂ ਅਨੇਕਾਂ ਉਦਾਹਰਣਾਂ ਰੋਜ਼ ਵੇਖਣ ਨੂੰ ਮਿਲਦੀਆਂ ਹਨ । ਸਾਡੇ ਸਾਰੇ ਤਿਉਹਾਰ ਹਰ ਧਰਮ ਲਈ ਸਤਿਕਾਰਤ ਤੇ ਸਾਂਝੇ ਹਨ । ਹਾਲ ਵਿਚ ਹੀ, ਸਿੱਖਾਂ ਤੇ ਹਿੰਦੂਆਂ ਨੇ ਪਿੰਡ ਦੇ ਮੁਸਲਿਮ ਨਿਵਾਸੀਆਂ ਲਈ ਜ਼ਿਲਾ ਮੁਕਤਸਰ ਦੇ ਪਿੰਡ ਖਾਨਨ ਖੁਰਦ ਵਿਚ ਇਕ ਮਸਜਿਦ ਬਨਾਉਣ ਲਈ ਪੈਸੇ ਇਕੱਠੇ ਕੀਤੇ । ਇਸੇ ਤਰਾਂ ਪਿਛਲੇ ਸਾਲ ਬਰਨਾਲਾ ਜ਼ਿਲੇ ਦੇ ਪਿੰਡ ਬਖਤਗੜ੍ਹ ਦੇ ਇਕ ਸਿੱਖ ਪਰਿਵਾਰ ਨੇ ਮਸਜਿਦ ਬਣਾਉਣ ਲਈ ਜ਼ਮੀਨ ਦਾਨ ਕੀਤੀ ਹੈ । ਅਜਿਹੀਆਂ ਅਣਗਿਣਤ ਉਦਾਹਰਣਾਂ ਹਨ ਜੋ ਪੰਜਾਬੀਆਂ ਵਿਚ ਫਿਰਕੂ ਸਦਭਾਵਨਾ ਦੀ ਮਿਸਾਲ ਬਣਦੀਆਂ ਹਨ ।
ਸ਼ਰਾਰਤੀ ਅਨਸਰਾਂ ਦੀਆਂ ਚਾਲਾਂ ਉਦੋਂ ਸਫਲ ਹੋ ਜਾਂਦੀਆਂ ਹਨ ਜਦੋਂ ਆਮ ਲੋਕੀ ਭੜਕ ਕੇ ' ਬੰਦ ', ' ਚੱਕਾ ਜਾਮ ' ਜਾਂ ' ਭੰਨ ਤੋੜ ' ਦੀਆਂ ਕਾਰਵਾਈਆਂ ਵਿਚ ਸ਼ਾਮਿਲ ਹੋ ਜਾਂਦੇ ਹਨ। ਇਸ ਵਾਰ ਸ੍ਰੀ ਅਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਨਾਪਾਕ ਮਨਸੂਬਿਆਂ ਲਈ ਇਕ ਸੋਚੀ ਸਮਝੀ ਚਾਲ ਨਾਲ ਚੁਣਿਆ ਗਿਆ ਤਾਕਿ ਘੁੱਗ ਵਸਦੇ ਪੰਜਾਬ ਨੂੰ ਅੱਗ ਲਗਾਈ ਜਾ ਸਕੇ । ਸੋ ਸਾਨੂੰ ਇਹੋ ਜਿਹੇ ਅਨਸਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ ।
ਦਵਿੰਦਰ ਕੁਮਾਰ
