ਗੜ੍ਹਸ਼ੰਕਰ ਦਾ ਬਾਈਪਾਸ ਨੇੜ-ਭਵਿੱਖ ਵਿਚ ਬਣਨ ਦੀ ਨਹੀ ਕੋਈ ਆਸ

ਨਵਾਂਸ਼ਹਿਰ ,9 ਜੁਲਾਈ- ਲੋਕਾਂ ਵਿੱਚ ਚਰਚਾ ਦਾ ਵਿਸ਼ਾ ਗੜ੍ਹਸ਼ੰਕਰ ਦਾ ਬਾਈਪਾਸ ਫਿਲਹਾਲ ਹਵਾ ਵਿੱਚ ਹੀ ਬਣ ਰਿਹਾ ਜਾਪਦਾ ਹੈ। ਸੱਤਾਧਾਰੀ ਪਾਰਟੀ ਦੇ ਆਗੂਆਂ ਖਾਸ ਤੌਰ ’ਤੇ ਗੜ੍ਹਸ਼ੰਕਰ ਦੇ ਵਿਧਾਇਕ ਅਤੇ ਉਸਦੇ ਸਾਥੀਆਂ ਵਲੋਂ ਦਾਅਵੇ ਕੀਤੇ ਗਏ ਕਿ ਬਾਈਪਾਸ ਜਲਦੀ ਬਣ ਜਾਵੇਗਾ ਪਰ ਇੱਕ ਆਰ.ਟੀ.ਆਈ. ਕਾਨੂੰਨ ਤਹਿਤ ਦਿੱਤੀ ਅਰਜ਼ੀ ਨੇ ਇਹਨਾਂ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ।

ਨਵਾਂਸ਼ਹਿਰ ,9 ਜੁਲਾਈ- ਲੋਕਾਂ ਵਿੱਚ ਚਰਚਾ ਦਾ ਵਿਸ਼ਾ ਗੜ੍ਹਸ਼ੰਕਰ ਦਾ ਬਾਈਪਾਸ ਫਿਲਹਾਲ ਹਵਾ ਵਿੱਚ ਹੀ ਬਣ ਰਿਹਾ ਜਾਪਦਾ ਹੈ। ਸੱਤਾਧਾਰੀ ਪਾਰਟੀ ਦੇ ਆਗੂਆਂ ਖਾਸ ਤੌਰ ’ਤੇ ਗੜ੍ਹਸ਼ੰਕਰ ਦੇ ਵਿਧਾਇਕ ਅਤੇ ਉਸਦੇ ਸਾਥੀਆਂ ਵਲੋਂ ਦਾਅਵੇ ਕੀਤੇ ਗਏ ਕਿ ਬਾਈਪਾਸ ਜਲਦੀ ਬਣ ਜਾਵੇਗਾ ਪਰ ਇੱਕ ਆਰ.ਟੀ.ਆਈ. ਕਾਨੂੰਨ ਤਹਿਤ ਦਿੱਤੀ ਅਰਜ਼ੀ ਨੇ ਇਹਨਾਂ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ। 
ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਨੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦੇ ਦਫਤਰ ਤੋਂ ਪੁੱਛਿਆ ਸੀ ਕਿ ਗੜ੍ਹਸ਼ੰਕਰ ਵਿਖੇ ਬਾਈਪਾਸ ਬਣਾਉਣ ਲਈ ਲਿਖਤੀ ਪ੍ਰਸਤਾਵ ਕਦੋਂ ਅਤੇ ਕਿਸ ਵਿਭਾਗ ਵਲੋਂ ਭੇਜਿਆ ਗਿਆ ਸੀ ਅਤੇ ਜੇਕਰ ਇਹ ਪ੍ਰਸਤਾਵ ਮਨਜ਼ੂਰ ਹੋ ਚੁੱਕਾ ਹੈ ਤਾਂ ਮਨਜ਼ੂਰੀ ਕਦੋਂ ਦਿੱਤੀ ਗਈ। 
ਇਹ ਵੀ ਪੁੱਛਿਆ ਗਿਆ ਸੀ ਕਿ ਇਸ ਪ੍ਰਾਜੈਕਟ ਵਿੱਚ ਕਿਹੜੇ-ਕਿਹੜੇ ਸਰਕਾਰੀ ਵਿਭਾਗਾਂ ਜਿਵੇਂ ਕਿ ਪੀ.ਡਬਲਯੂ.ਡੀ., ਟਾਊਨ ਪਲੈਨਿੰਗ, ਮਾਲ ਵਿਭਾਗ, ਜੰਗਲਾਤ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆਦਿ ਦੀ ਕੀ ਭੂਮਿਕਾ ਹੋਵੇਗੀ ਅਤੇ ਇਸ ਪ੍ਰੋਜੈਕਟ ਵਿੱਚ ਹੁਣ ਤੱਕ ਕਿਹੜੇ-ਕਿਹੜੇ ਅਧਿਕਾਰੀ ਜਿਵੇਂ ਡੀ.ਸੀ., ਐਸ.ਡੀ.ਐਮ. ਤੇ ਟਾਊਨ ਪਲੈਨਰ ਆਦਿ ਸ਼ਾਮਲ ਰਹੇ ਹਨ।
19 ਅਪ੍ਰੈਲ 2025 ਨੂੰ ਭੇਜੇ ਪੱਤਰ ਦਾ ਚੰਡੀਗੜ੍ਹ ਪੱਧਰ ’ਤੇ ਕਿਸੇ ਵੀ ਦਫਤਰ ਨੇ ਕੋਈ ਜਵਾਬ ਨਹੀਂ ਦਿੱਤਾ। 07 ਜੁਲਾਈ 2025 ਨੂੰ ਉਪ-ਮੰਡਲ ਇੰਜੀਨੀਅਰ, ਪੀ.ਡਬਲਯੂ.ਡੀ. ਗੜ੍ਹਸ਼ੰਕਰ ਨੇ ਆਰ.ਟੀ.ਆਈ. ਦਾ ਜਵਾਬ ਦਿੰਦਿਆਂ ਦੱਸਿਆ ਕਿ ਬਾਈਪਾਸ ਦਾ ਪ੍ਰਸਤਾਵ ਉਹਨਾਂ ਵਲੋਂ ਭੇਜਿਆ ਗਿਆ ਸੀ ਪਰ ਪੰਜਾਬ ਸਰਕਾਰ ਵਲੋਂ ਇਸ ਪ੍ਰੋਜੈਕਟ ਨੂੰ ਸਿਰਫ ਸਿਧਾਂਤਕ ਮਨਜ਼ੂਰੀ ਦਿੱਤੀ ਗਈ ਹੈ, ਅੰਤਮ ਮਨਜ਼ੂਰੀ ਹਾਲੇ ਸਰਕਾਰ ਦੇ ਵਿਚਾਰ ਅਧੀਨ ਹੈ।
ਬਾਈਪਾਸ ਦੀ ਸੰਭਾਵੀ ਲੰਬਾਈ 15 ਕਿਲੋਮੀਟਰ ਹੈ ਪਰ ਚੌੜਾਈ, ਇੱਕ ਲੇਨ ਜਾਂ ਦੋ ਲੇਨ ਹੋਣ ਬਾਰੇ ਅਤੇ ਹੋਰ ਵੇਰਵੇ ਹਾਲੇ ਤਿਆਰ ਹੀ ਨਹੀਂ ਕੀਤੇ ਗਏ।ਨਾ ਬਾਈਪਾਸ ਦਾ ਕੋਈ ਨਕਸ਼ਾ ਬਣਿਆ ਹੈ ਤੇ ਨਾ ਹੀ ਇਹ ਪਤਾ ਹੈ ਕਿ ਇਹ ਬਾਈਪਾਸ ਕਿਹੜੇ-ਕਿਹੜੇ ਪਿੰਡਾਂ ਦੀ ਹੱਦ ਵਿੱਚੋਂ ਲੰਘਣਾ ਹੈ ਹਾਲਾਂਕਿ ਪੀ.ਡਬਲਯੂ.ਡੀ. ਵਲੋਂ ਮੁੱਖ ਇੰਜੀਨੀਅਰ ਸੈਂਟਰਲ ਨੂੰ ਭੇਜੇ ਪੱਤਰ ਵਿੱਚ ਇਹ ਬਾਈਪਾਸ ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ’ਤੇ ਪਿੰਡ ਗੋਲੀਆਂ ਲਾਗੇ ਇੱਕ ਪੈਲੇਸ ਦੇ ਨੇੜੇ ਤੋਂ ਲੈ ਕੇ ਗੜ੍ਹਸ਼ੰਕਰ-ਸ਼੍ਰੀ ਆਨੰਦਪੁਰ ਸਾਹਿਬ ਰੋਡ ’ਤੇ ਪਿੰਡ ਗੋਗੋਂ ਤੱਕ ਬਣਾਉਣ ਦਾ ਪ੍ਰਸਤਾਵ ਦੱਸਿਆ ਗਿਆ ਹੈ।
ਆਰ.ਟੀ.ਆਈ. ਤਹਿਤ ਇਹ ਵੀ ਪੁੱਛਿਆ ਗਿਆ ਸੀ ਕਿ ਬਾਈਪਾਸ ਦੀ ਅੰਦਾਜ਼ਨ ਲਾਗਤ ਕਿੰਨੀ ਹੋਵੇਗੀ ਤੇ ਇਹ ਪੈਸਾ ਕਿਹੜੇ ਸ੍ਰੋਤਾਂ ਜਿਵੇਂ ਕਿ ਰਾਜ ਸਰਕਾਰ, ਕੇਂਦਰ ਸਰਕਾਰ, ਨਾਬਾਰਡ, ਵਰਲਡ ਬੈਂਕ ਆਦਿ ਤੋਂ ਉਪਲੱਬਧ ਹੋਵੇਗਾ। ਇਸਦੇ ਜਵਾਬ ਵਿੱਚ ਦੱਸਿਆ ਗਿਆ ਹੈ ਕਿ ਅੰਦਾਜ਼ਨ ਲਾਗਤ ਪ੍ਰੋਜੈਕਟ ਮਨਜ਼ੂਰ ਹੋਣ ਤੋਂ ਬਾਅਦ ਹੀ ਦੱਸੀ ਜਾ ਸਕਦੀ ਹੈ। ਇੱਥੋਂ ਤੱਕ ਕਿ ਬਾਈਪਾਸ ਪ੍ਰੋਜੈਕਟ ਦੀ ਸ਼ੁਰੂਆਤ ਅਤੇ ਪੂਰਾ ਹੋਣ ਦੀ ਸੰਭਾਵੀ ਮਿਤੀ ਦਾ ਵੀ ਵਿਭਾਗ ਨੂੰ ਕੋਈ ਅੰਦਾਜ਼ਾ ਨਹੀਂ ਹੈ।
ਪਰਵਿੰਦਰ ਸਿੰਘ ਕਿੱਤਣਾ ਨੇ ਦੱਸਿਆ ਕਿ ਸਿਧਾਂਤਕ ਮਨਜ਼ੂਰੀ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਬਾਈਪਾਸ ਦਾ ਪ੍ਰੋਜੈਕਟ ਹਰ ਤਰ੍ਹਾਂ ਮਨਜ਼ੂਰ ਹੋ ਗਿਆ ਹੈ। ਪੰਜਾਬ ਸਰਕਾਰ ਵਲੋਂ ਇਹ ਸ਼ਰਤ ਲਗਾ ਦਿੱਤੀ ਗਈ ਹੈ ਕਿ ਅਸਲ ਪ੍ਰਸ਼ਾਸਕੀ ਮਨਜ਼ੂਰੀ ਸਿਰਫ ‘ਕੰਮ ਦੀ ਮਹੱਤਤਾ’ ਅਤੇ ‘ਬਜਟ ਦੀ ਉਪਲੱਬਧਤਾ’ ਦੇ ਅਧਾਰ ’ਤੇ ਹੀ ਦਿੱਤੀ ਜਾ ਸਕਦੀ ਹੈ।
ਇਸ ਤੋਂ ਸਪੱਸ਼ਟ ਹੈ ਕਿ ਨੇੜ-ਭਵਿੱਖ ਵਿੱਚ ਗੜ੍ਹਸ਼ੰਕਰ ਬਾਈਪਾਸ ਦਾ ਕੋਈ ਕੰਮ ਸ਼ੁਰੂ ਹੋਣ ਵਾਲਾ ਨਹੀਂ ਹੈ। ਸੱਤਾਧਾਰੀ ਆਗੂਆਂ ਨੂਂ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਝੂਠੇ ਸੁਪਨੇ ਨਾ ਦਿਖਾਉਣ।ਹਾਲ ਦੀ ਘੜੀ ਬਾਈਪਾਸ ਬਣਨ ਦੇ ਦਾਅਵੇ ‘ਪੱਲੇ ਨਾ ਧੇਲਾ, ਕਰਦੀ ਮੇਲਾ-ਮੇਲਾ’ ਵਾਂਗ ਜਾਪਦੇ ਹਨ।