ਸ਼ੁਭਮ ਦੇ ਗੋਲੀ ਮਾਰਨ ਵਾਲਾ ਕਰਨ ਸ਼ਰਮਾ 2 ਦਿਨ ਦੇ ਪੁਲੀਸ ਰਿਮਾਂਡ ਤੇ

ਐਸ ਏ ਐਸ ਨਗਰ, 28 ਦਸੰਬਰ - ਫੇਜ਼ 4 ਵਿਚਲੀ ਪਾਰਕ ਵਿੱਚ ਦੋ ਨੌਜਵਾਨਾਂ ਦੀ ਇਕ ਲੜਕੀ ਨਾਲ ਦੋਸਤੀ ਨੂੰ ਲੈ ਕੇ ਹੋਈ ਲੜਾਈ ਤੋਂ ਬਾਅਦ ਸ਼ੁਭਮ ਨਾਮ ਦੇ ਨੌਜਵਾਨ ਤੇ ਗੋਲੀ ਚਲਾਉਣ ਵਾਲੇ ਕਰਨ ਸ਼ਰਮਾ ਦਾ ਪੁਲੀਸ ਨੇ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।

ਐਸ ਏ ਐਸ ਨਗਰ, 28 ਦਸੰਬਰ - ਫੇਜ਼ 4 ਵਿਚਲੀ ਪਾਰਕ ਵਿੱਚ ਦੋ ਨੌਜਵਾਨਾਂ ਦੀ ਇਕ ਲੜਕੀ ਨਾਲ ਦੋਸਤੀ ਨੂੰ ਲੈ ਕੇ ਹੋਈ ਲੜਾਈ ਤੋਂ ਬਾਅਦ ਸ਼ੁਭਮ ਨਾਮ ਦੇ ਨੌਜਵਾਨ ਤੇ ਗੋਲੀ ਚਲਾਉਣ ਵਾਲੇ ਕਰਨ ਸ਼ਰਮਾ ਦਾ ਪੁਲੀਸ ਨੇ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।
ਇਸ ਸਬੰਧੀ ਏ. ਐਸ. ਪੀ ਜੇਅੰਤ ਪੁਰੀ ਅਤੇ ਐਸ. ਐਚ. ਓ ਸੁਖਬੀਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕਰਨ ਕੋਲੋਂ ਵਾਰਦਾਤ ਵਿੱਚ ਵਰਤੀ ਪਿਸਤੌਲ ਅਤੇ 8 ਜਿੰਦਾ ਕਾਰਤੂਸ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਅਸਲਾ ਨਜਾਇਜ ਹੈ, ਜੋ ਕਿ ਕਰਨ ਵਲੋਂ ਯੂ ਪੀ ਤੋਂ ਲਿਆਂਦਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਕਰਨ ਸ਼ਰਮਾ ਨੂੰ ਹਿਮਾਚਲ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਕਰਨ ਸ਼ਰਮਾ ਤੇ ਇਸ ਤੋਂ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਰਨ ਸ਼ਰਮਾ, ਸ਼ੁਭਮ ਅਤੇ ਉਕਤ ਲੜਕੀ (ਤਿੰਨੋਂ ਜਣੇ) ਫੇਜ਼ 8 ਬੀ ਵਿਚਲੀ ਇਕ ਕੰਪਨੀ ਵਿੱਚ ਨੌਕਰੀ ਕਰਦੇ ਹਨ। ਸ਼ੁਭਮ ਹੁਣੇ ਵੀ ਸੈਕਟਰ 32 ਚੰਡੀਗੜ੍ਹ ਦੇ ਜੀ.ਐਮ.ਸੀ ਹਸਪਤਾਲ ਵਿਚ ਜੇਰੇ ਇਲਾਜ ਹੈ। ਉਨ੍ਹਾਂ ਦੱਸਿਆ ਕਿ ਮੁਲਜਮ ਕਰਨ ਸ਼ਰਮਾ ਇਸ ਸਮੇਂ ਧਨਾਸ ਚੰਡੀਗੜ੍ਹ ਵਿਖੇ ਰਹਿ ਰਿਹਾ ਸੀ।
ਜਿਕਰਯੋਗ ਹੈ ਕਿ ਬੀਤੇ ਬੁਧਵਾਰ ਦੇਰ ਰਾਤ ਸ਼ੁਭਮ ਆਪਣੀ ਇਕ ਮਹਿਲਾ ਦੋਸਤ ਨਾਲ ਫੇਜ਼ 4 ਵਿਚਲੇ ਪਾਰਕ ਵਿਚ ਬੈਠਾ ਸੀ। ਇਸ ਦੌਰਾਨ ਕਰਨ ਸ਼ਰਮਾ ਨਾਂ ਦਾ ਨੌਜਵਾਨ ਪਾਰਕ ਵਿਚ ਆਇਆ ਅਤੇ ਉਕਤ ਲੜਕੀ ਨੂੰ ਕਹਿਣ ਲੱਗਾ ਕਿ ਉਹ ਸ਼ੁਭਮ ਨਾਲ ਕਿਉਂ ਬੈਠੀ ਹੈ। ਲੜਕੀ ਨੇ ਕਰਨ ਨੂੰ ਕਿਹਾ ਕਿ ਉਸ ਦਾ ਹੁਣ ਉਸ ਨਾਲ (ਕਰਨ) ਨਾਲ ਕੋਈ ਰਿਸ਼ਤਾ ਨਹੀਂ ਹੈ ਅਤੇ ਉਹ ਆਪਣੀ ਮਰਜੀ ਨਾਲ ਕਿਸੇ ਨਾਲ ਕਿਤੇ ਵੀ ਆ ਜਾ ਸਕਦੀ ਹੈ। ਉਧਰ ਸ਼ੁਭਮ ਨੇ ਵੀ ਕਰਨ ਨੂੰ ਕਿਹਾ ਕਿ ਉਹ ਚਲੇ ਜਾਵੇ, ਸ਼ੁਭਮ ਦੀ ਗੱਲ ਸੁਣ ਕੇ ਕਰਨ ਅਤੇ ਸ਼ੁਭਮ ਵਿਚ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਉਕਤ ਲੜਕੀ ਨੂੰ ਲੈ ਕੇ ਦੋਵਾਂ ਦੀ ਆਪਸ ਵਿੱਚ ਹੱਥੋਪਾਈ ਹੋ ਗਈ।
ਇਸ ਉਪਰੰਤ ਲੜਕੀ ਨੇ ਦੋਵਾਂ ਨੂੰ ਸ਼ਾਂਤ ਕੀਤਾ ਅਤੇ ਲੜਕੀ ਸ਼ੁਭਮ ਨੂੰ ਲੈ ਕੇ ਪਾਰਕ ਵਿੱਚੋਂ ਬਾਹਰ ਨਿਕਲਣ ਲੱਗੀ। ਸ਼ੁਭਮ ਅਤੇ ਲੜਕੀ ਜਿਵੇਂ ਹੀ ਪਾਰਕ ਦੇ ਗੇਟ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੇ ਕਰਨ ਨੇ ਸ਼ੁਭਮ ਤੇ ਦੋ ਗੋਲੀਆਂ ਚਲਾਈਆਂ, ਜਿਨਾਂ ਵਿੱਚੋਂ ਇਕ ਗੋਲੀ ਸ਼ੁਭਮ ਦੇ ਗਰਦਨ ਅਤੇ ਮੋਢੇ ਦੇ ਵਿਚਕਾਰ ਵੱਜੀ। ਗੋਲੀ ਲੱਗਣ ਕਾਰਨ ਸ਼ੁਭਮ ਹੇਠਾਂ ਡਿੱਗ ਪਿਆ ਅਤੇ ਕਰਨ ਮੌਕੇ ਤੋਂ ਫਰਾਰ ਹੋ ਗਿਆ।
ਇਸ ਘਟਨਾ ਸਬੰਧੀ ਮੌਕੇ ਤੇ ਪਹੁੰਚੀ ਪੀ. ਸੀ. ਆਰ ਪਾਰਟੀ ਨੇ ਜਖਮੀ ਸ਼ੁਭਮ ਨੂੰ ਫੇਜ਼ 6 ਵਿਚਲੇ ਸਿਵਲ ਹਸਪਤਾਲ ਦਾਖਲ ਕਰਵਾਇਆ ਸੀ, ਜਿਥੇ ਡਾਕਟਰਾਂ ਨੇ ਸ਼ੁਭਮ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸੈਕਟਰ 32 ਚੰਡੀਗੜ੍ਹ ਦੇ ਹਸਪਤਾਲ ਰੈਫਰ ਕਰ ਦਿੱਤਾ ਸੀ।