ਸਰਹਿੰਦ ਰੋਡ 'ਤੇ ਚਲਦੇ ਕੰਮ ਦੌਰਾਨ ਹਾਦਸੇ ਰੋਕਣ ਲਈ ਹੋਰ ਕਦਮ ਚੁੱਕਣ ਦੀ ਸਖ਼ਤ ਹਦਾਇਤ
ਪਟਿਆਲਾ, 3 ਮਾਰਚ- ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਤੋਂ ਜੀ.ਟੀ ਰੋਡ ਸਰਹਿੰਦ ਤਕ ਸੜਕ ਨੂੰ ਚਹੁੰਮਾਰਗੀ ਕੀਤੇ ਜਾਣ ਦੇ ਪ੍ਰਾਜੈਕਟ ਦੇ ਚੱਲ ਰਹੇ ਕੰਮ ਦੌਰਾਨ ਹੁੰਦੇ ਹਾਦਸੇ ਰੋਕਣ ਲਈ ਲੋਕ ਨਿਰਮਾਣ ਵਿਭਾਗ ਦੇ ਨੈਸ਼ਨਲ ਹਾਈਵੇ ਵਿੰਗ ਨੂੰ ਸਪੀਡ ਲਿਮਿਟ ਤੇ ਚੱਲ ਰਹੇ ਕੰਮ ਦੇ ਸਾਈਨ ਬੋਰਡ ਤੇ ਰਿਫ਼ਲੈਕਟਰ ਆਦਿ ਲਗਾਉਣ ਸਮੇਤ ਹੋਰ ਕਦਮ ਤੁਰੰਤ ਚੁੱਕੇ ਜਾਣ ਦੀ ਸਖ਼ਤ ਹਦਾਇਤ ਕੀਤੀ ਹੈ।

ਡਿਪਟੀ ਕਮਿਸ਼ਨਰ ਨੇ ਨਾਲ ਹੀ ਇਸ ਸੜਕ 'ਤੇ ਚੱਲਦੇ ਰਾਹਗੀਰਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਹਾਦਸਿਆਂ ਤੋਂ ਬਚਣ ਲਈ ਸੜਕ ਸੁਰੱਖਿਆ ਨੇਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਸੜਕ ਦੇ ਕੰਢੇ ਸੜਕ ਪੁੱਟੀ ਹੋਣ ਆਦਿ ਦੇ ਲਗਾਏ ਗਏ ਮਿੱਟੀ ਦੇ ਭਰੇ ਥੈਲਿਆਂ, ਟੇਪ ਪੱਟੀ ਅਤੇ ਰਿਫਲੈਕਟਰ ਆਦਿ ਨੂੰ ਦੇਖਕੇ ਹੀ ਸਫ਼ਰ ਕਰਨ। ਉਨ੍ਹਾਂ ਹੋਰ ਸਲਾਹ ਦਿੱਤੀ ਕਿ ਜੇਕਰ ਹੋ ਸਕੇ ਤਾਂ ਵਾਹਨਾਂ ਦੀ ਸਪੀਡ ਵੀ ਘੱਟ ਰੱਖੀ ਜਾਵੇ ਤਾਂ ਕਿ ਹਾਦਸੇ ਨਾ ਵਾਪਰਨ।
ਡਾ. ਪ੍ਰੀਤੀ ਯਾਦਵ ਨੇ ਐਕਸੀਐਨ ਇੰਜ. ਸ਼ਰਨਪ੍ਰੀਤ ਸਿੰਘ ਨੂੰ ਹਦਾਇਤ ਕੀਤੀ ਕਿ ਜਿੱਥੇ ਸੜਕ ਪੁੱਟੀ ਹੋਣ ਕਰਕੇ ਕਿਨਾਰੇ ਨੀਵੇਂ ਹਨ, ਉਥੇ ਮਿੱਟੀ ਦੇ ਭਰੇ ਥੈਲੇ ਰੱਖੇ ਜਾਣ ਸਮੇਤ ਟੇਪ ਪੱਟੀ, ਸਪੀਡ ਲਿਮਿਟ ਤੇ ਚੱਲ ਰਹੇ ਕੰਮ ਦੇ ਸਾਈਨ ਬੋਰਡ ਅਤੇ ਰਿਫਲੈਕਟਰ ਆਦਿ ਰਾਹ ਦਸੇਰਾ ਨਿਸ਼ਾਨ ਲਗਾਏ ਜਾਣ ਤਾਂ ਕਿ ਲੋਕਾਂ ਦੇ ਵਾਹਨ ਪੁੱਟੀ ਹੋਈ ਸੜਕ ਵਿੱਚ ਜਾਕੇ ਹਾਦਸਾ ਗ੍ਰਸਤ ਨਾ ਹੋ ਜਾਣ ਤੇ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ।
ਉਧਰ ਅੱਜ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਕਾਰਜਕਾਰੀ ਇੰਜੀਨੀਅਰ, ਨੈਸ਼ਨਲ ਹਾਈਵ, ਲੋਕ ਨਿਰਮਾਣ ਵਿਭਾਗ ਇੰਜ. ਸ਼ਰਨਪ੍ਰੀਤ ਸਿੰਘ ਨੇ ਆਪਣੀ ਟੀਮ ਤੇ ਐਸ.ਡੀ.ਓ. ਮਨਜੀਤ ਸਿੰਘ ਸਮੇਤ ਸੜਕ ਦਾ ਦੌਰਾ ਕੀਤਾ ਅਤੇ ਜਿੱਥੇ ਤਾਜਾ ਹਾਦਸੇ ਹੋਏ ਹਨ, ਉਥੇ ਹੋਰ ਮਿੱਟੀ ਦੇ ਭਰੇ ਥੈਲੇ ਤੇ ਰਿਫਲੈਕਟਰ ਤੇ ਸਪੀਡ ਲਿਮਿਟ ਦੇ ਸਾਈਨ ਬੋਰਡ ਤੇ ਟੇਪ ਪੱਟੀਆਂ ਲਗਵਾਈਆਂ।