
ਮਹਾਰਾਸ਼ਟਰ: ਪੁਣੇ ਜ਼ਿਲ੍ਹੇ ਵਿੱਚ ਇੰਦਰਾਣੀ ਨਦੀ ’ਤੇ ਬਣਿਆ ਲੋਹੇ ਦਾ ਪੁਲ ਢਹਿਣ ਕਾਰਨ ਦੋ ਹਲਾਕ
ਪੁਣੇ, 15 ਜੂਨ- ਮਹਾਰਾਸ਼ਟਰ ਦੇ ਪੁਣੇ ਦੀ ਮਾਵਲ ਤਹਿਸੀਲ ਵਿੱਚ ਇੰਦਰਾਣੀ ਨਦੀ ’ਤੇ ਬਣਿਆ ਲੋਹੇ ਦਾ ਇਕ ਪੁਲ ਅੱਜ ਦੁਪਹਿਰ ਸਮੇਂ ਢਹਿ ਜਾਣ ਕਾਰਨ ਘੱਟੋ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਪ੍ਰਸ਼ਾਸਨ ਵੱਲੋਂ 38 ਜਣਿਆਂ ਨੂੰ ਬਚਾਉਣ ਦਾ ਦਾਅਵਾ ਕੀਤਾ ਗਿਆ ਹੈ।
ਪੁਣੇ, 15 ਜੂਨ- ਮਹਾਰਾਸ਼ਟਰ ਦੇ ਪੁਣੇ ਦੀ ਮਾਵਲ ਤਹਿਸੀਲ ਵਿੱਚ ਇੰਦਰਾਣੀ ਨਦੀ ’ਤੇ ਬਣਿਆ ਲੋਹੇ ਦਾ ਇਕ ਪੁਲ ਅੱਜ ਦੁਪਹਿਰ ਸਮੇਂ ਢਹਿ ਜਾਣ ਕਾਰਨ ਘੱਟੋ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਪ੍ਰਸ਼ਾਸਨ ਵੱਲੋਂ 38 ਜਣਿਆਂ ਨੂੰ ਬਚਾਉਣ ਦਾ ਦਾਅਵਾ ਕੀਤਾ ਗਿਆ ਹੈ।
ਪੁਣੇ ਜ਼ਿਲ੍ਹੇ ਦੇ ਕੁਲੈਕਟਰ ਜਿਤੇਂਦਰ ਡੂਡੀ ਨੇ ਦੱਸਿਆ ਕਿ ਹਾਦਸੇ ਵਿੱਚ ਹੁਣ ਤੱਕ 38 ਵਿਅਕਤੀਆਂ ਨੂੰ ਬਚਾਅ ਲਿਆ ਗਿਆ ਹੈ ਜਿਨ੍ਹਾਂ ’ਚੋਂ 30 ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲ ਢਹਿਣ ਸਮੇਂ ਉੱਥੇ ਮੌਜੂਦ ਲੋਕਾਂ ਦੀ ਸਹੀ ਗਿਣਤੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ‘‘ਅਸੀਂ ਇਹ ਵੀ ਪਤਾ ਲਗਾ ਰਹੇ ਹਾਂ ਕਿ ਕਿੰਨੇ ਲੋਕ ਲਾਪਤਾ ਹਨ।’’
ਮਿਲੀ ਜਾਣਕਾਰੀ ਅਨੁਸਾਰ ਪੁਲ ਨੂੰ ਜੰਗ ਲੱਗ ਚੁੱਕਾ ਸੀ ਅਤੇ ਪਹਿਲੀ ਨਜ਼ਰੇ ਅਜਿਹਾ ਲੱਗਦਾ ਹੈ ਕਿ ਕਾਫੀ ਲੋਕਾਂ ਦੇ ਪੁਲ ’ਤੇ ਖੜ੍ਹੇ ਹੋਣ ਕਾਰਨ ਇਹ ਟੁੱਟ ਗਿਆ ਤੇ ਹਾਦਸਾ ਵਾਪਰ ਗਿਆ।
ਤਾਲੇਗਾਓਂ ਦਾਭਾੜੇ ਪੁਲੀਸ ਥਾਣੇ ਇਕ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਕੁੰਦਮਾਲਾ ਇਲਾਕੇ ਵਿੱਚ ਹੋਈ, ਜਿੱਥੇ ਪਿਛਲੇ ਕੁਝ ਦਿਨਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਜਿਸ ਕਰ ਕੇ ਨਦੀ ਵਹਾਅ ਤੇਜ਼ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪੁਲ ਡਿੱਗਿਆ ਤਾਂ ਮੀਂਹ ਨਹੀਂ ਪੈ ਰਿਹਾ ਸੀ। ਉਨ੍ਹਾਂ ਕਿਹਾ, ‘‘ਸ਼ੁਰੂਆਤ ਜਾਣਕਾਰੀ ਮੁਤਾਬਕ, ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦਕਿ ਕੁਝ ਹੋਰਾਂ ਦੇ ਰੁੜ੍ਹ ਜਾਣ ਦਾ ਖ਼ਦਸ਼ਾ ਹੈ।
ਅਧਿਕਾਰੀ ਨੇ ਦੱਸਿਆ ਕਿ ਕੌਮੀ ਆਫ਼ਤ ਰਾਹਤ ਬਲ ਦੀ ਟੀਮ ਅਤੇ ਫਾਇਰ ਬ੍ਰਿਗੇਡ ਸਣੇ ਹੋਰ ਮਾਹਿਰ ਇਕਾਈਆਂ ਦੇ ਮੁਲਾਜ਼ਮ ਘਟਨਾ ਸਥਾਨ ’ਤੇ ਹਨ। ਅੱਜ ਐਤਵਾਰ ਹੋਣ ਕਾਰਨ ਇੱਥੇ ਕਾਫੀ ਭੀੜ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਪਿਕਨਿਕ ਮਨਾਉਣ ਵਾਲਿਆਂ ਦੀ ਕਾਫੀ ਭੀੜ ਰਹਿੰਦੀ ਹੈ।
