
ਦੁਸਹਿਰਾ ਮੇਲੇ ਦੀ ਸੁਰੱਖਿਆ ਨੂੰ ਲੈ ਕੇ ਵਿਧਾਇਕ ਜਿੰਪਾ ਨੇ ਕੀਤਾ ਦੁਸਹਿਰਾ ਗਰਾਊਂਡ ਦੌਰਾ
ਹੁਸ਼ਿਆਰਪੁਰ:- ਵਿਧਾਇਕ ਬ੍ਰਮ ਸ਼ੰਕਰ ਜ਼ਿੰਪਾ ਨੇ ਅੱਜ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਦਾ ਦੌਰਾ ਕੀਤਾ ਅਤੇ ਸ਼੍ਰੀ ਰਾਮਲੀਲਾ ਕਮੇਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ।
ਹੁਸ਼ਿਆਰਪੁਰ:- ਵਿਧਾਇਕ ਬ੍ਰਮ ਸ਼ੰਕਰ ਜ਼ਿੰਪਾ ਨੇ ਅੱਜ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਦਾ ਦੌਰਾ ਕੀਤਾ ਅਤੇ ਸ਼੍ਰੀ ਰਾਮਲੀਲਾ ਕਮੇਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਰਸਾਤ ਕਾਰਨ ਭੰਗੀ ਚੋਅ ਵਿਚ ਪਾਣੀ ਦੀ ਮਾਤਰਾ ਵੱਧ ਗਈ ਸੀ, ਜਦਕਿ ਹਰ ਸਾਲ ਇਸੇ ਸਥਾਨ 'ਤੇ ਇਕ ਵਿਸ਼ਾਲ ਦੁਸਹਿਰਾ ਮੇਲਾ ਲਗਾਇਆ ਜਾਂਦਾ ਹੈ।
ਇਸ ਕਾਰਨ ਜਲ ਸਰੋਤ ਵਿਭਾਗ ਵੱਲੋਂ ਸੁਰੱਖਿਆ ਨਾਲ ਸਬੰਧਤ ਕੁਝ ਸਵਾਲ ਉਠਾਏ ਗਏ ਸਨ। ਇਸ ਵਿਸ਼ੇ 'ਤੇ ਬੀਤੇ ਦਿਨ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਸੀ, ਜਿਸ ਵਿਚ ਇਹ ਫ਼ੈਸਲਾ ਲਿਆ ਗਿਆ ਸੀ ਕਿ ਇਕ ਤਕਨੀਕੀ ਕਮੇਟੀ ਬਣਾਈ ਜਾਵੇਗੀ।
ਇਹ ਕਮੇਟੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਮੇਲੇ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਬਾਰੇ ਇਕ ਰਿਪੋਰਟ ਤਿਆਰ ਕਰੇਗੀ। ਉਸ ਰਿਪੋਰਟ ਦੇ ਆਧਾਰ 'ਤੇ ਮੇਲੇ ਦੇ ਸੰਚਾਲਨ ਲਈ ਅੰਤਿਮ ਪ੍ਰਬੰਧ ਕੀਤੇ ਜਾਣਗੇ।
ਅੱਜ ਵਿਧਾਇਕ ਜ਼ਿੰਪਾ ਮੌਕੇ 'ਤੇ ਪਹੁੰਚੇ ਅਤੇ ਮੇਲੇ ਵਾਲੀ ਥਾਂ ਦੀ ਹਾਲਤ ਦੇਖੀ ਅਤੇ ਕਿਹਾ ਕਿ ਇਹ ਜਗ੍ਹਾ ਪੂਰੀ ਤਰ੍ਹਾਂ ਸੁਰੱਖਿਅਤ ਜਾਪਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸ਼੍ਰੀ ਰਾਮਲੀਲਾ ਕਮੇਟੀ ਜਲ ਸਰੋਤ ਵਿਭਾਗ ਨਾਲ ਤਾਲਮੇਲ ਕਰਕੇ ਸਾਰੇ ਜ਼ਰੂਰੀ ਸੁਰੱਖਿਆ ਉਪਾਅ ਕਰੇਗੀ।
ਉਨ੍ਹਾਂ ਕਿਹਾ ਕਿ ਜਿਥੇ ਵੀ ਸਾਵਧਾਨੀ ਦੇ ਉਪਾਅ ਜ਼ਰੂਰੀ ਹਨ, ਉਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਚਿੰਤਾ ਦੇ ਦੁਸਹਿਰਾ ਮੇਲੇ ਵਿਚ ਸ਼ਾਮਲ ਹੋ ਸਕਣ। ਵਿਧਾਇਕ ਨੇ ਕਮੇਟੀ ਅਤੇ ਪ੍ਰਸ਼ਾਸਨ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਇਸ ਸਾਲ ਵੀ ਦੁਸਹਿਰਾ ਮੇਲਾ ਸਫਲਤਾਪੂਰਵਕ ਆਯੋਜਿਤ ਕੀਤਾ ਜਾਵੇਗਾ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਸ਼੍ਰੀ ਰਾਮਲੀਲਾ ਕਮੇਟੀ ਦੇ ਪ੍ਰਧਾਨ ਗੋਪੀ ਚੰਦ ਕਪੂਰ, ਚੇਅਰਮੈਨ ਸ਼ਿਵ ਸੂਦ, ਡਾ: ਬਿੰਦੂਸਾਰ ਸ਼ੁਕਲਾ, ਪ੍ਰਦੀਪ ਹਾਂਡਾ, ਰਾਕੇਸ਼ ਸੂਰੀ, ਐਡਵੋਕੇਟ ਆਰ.ਪੀ ਧੀਰ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ।
