ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਵਿੱਚ ਨਹੀਂ ਹੋਇਆ ਸੁਧਾਰ, ਪਿੰਡਾਂ ਵਿੱਚ ਦੁਬਾਰਾ ਪਾਣੀ ਆਉਣ ਨਾਲ ਸਥਿਤੀ ਹੋਰ ਵਿਗੜੀ ਭਾਰੀ ਬਾਰਿਸ਼ ਅਤੇ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਵਿਗੜੇ ਹਾਲਾਤ
ਐਸ ਏ ਐਸ ਨਗਰ, 4 ਸਤੰਬਰ- ਪੰਜਾਬ ਵਿੱਚ ਭਾਰੀ ਬਾਰਿਸ਼ ਅਤੇ ਡੈਮਾਂ ਵਿੱਚੋਂ ਛੱਡੇ ਪਾਣੀ ਕਾਰਨ ਆਏ ਹੜ੍ਹਾਂ ਕਾਰਨ ਜੋ ਸਥਿਤੀ ਬਣੀ ਹੈ, ਉਸ ਵਿੱਚ ਅੱਜ ਵੀ ਕੋਈ ਜ਼ਿਆਦਾ ਸੁਧਾਰ ਨਹੀਂ ਹੋਇਆ। ਹਾਲਾਂਕਿ ਗੁਰਦਾਸਪੁਰ ਦੇ ਕੁਝ ਪਿੰਡਾਂ ਵਿੱਚ ਪਾਣੀ ਦਾ ਪੱਧਰ ਘੱਟ ਹੋਇਆ ਹੈ, ਪਰ ਅੰਮ੍ਰਿਤਸਰ ਦੇ ਘੋਨੇਵਾਲ ਅਤੇ ਉਹਦੇ ਨਾਲ ਲੱਗਦੇ ਪਿੰਡਾਂ ਵਿੱਚ ਦੁਬਾਰਾ ਪਾਣੀ ਆਉਣ ਨਾਲ ਸਥਿਤੀ ਭਿਆਨਕ ਹੋ ਗਈ ਹੈ।

ਇਸ ਦੇ ਨਾਲ ਹੀ ਸਤਲੁਜ ਦੀ ਮਾਰ ਥੱਲੇ ਆਉਂਦੇ ਅਨੰਦਪੁਰ ਸਾਹਿਬ, ਰੋਪੜ, ਫਤਿਹਗੜ੍ਹ ਸਾਹਿਬ ਅਤੇ ਨਾਲ ਦੇ ਇਲਾਕੇ, ਘੱਗਰ ਨਦੀ ਦੇ ਅਧੀਨ ਆਉਂਦਾ ਮੁਹਾਲੀ ਜ਼ਿਲ੍ਹੇ ਦੇ ਡੇਰਾਬਸੀ ਦਾ ਇਲਾਕਾ, ਪਟਿਆਲੇ ਦਾ ਇਲਾਕਾ ਅਤੇ ਸੰਗਰੂਰ ਵੀ ਖਤਰੇ ਵੱਲ ਵਧ ਰਿਹਾ ਹੈ। ਇਹਨਾਂ ਜ਼ਿਲ੍ਹਿਆਂ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਨ ਹੜ੍ਹ ਆਉਣ ਦਾ ਖਤਰਾ ਵਧ ਗਿਆ ਹੈ।
ਇਹ ਇਲਾਕੇ ਹੁਣ ਤੱਕ ਹੜ੍ਹ ਤੋਂ ਬਚੇ ਹੋਏ ਸਨ, ਪਰ ਸਤਲੁਜ ਵਿੱਚ ਵਧੇਰੇ ਪਾਣੀ ਛੱਡਣ ਕਾਰਨ ਅਤੇ ਘੱਗਰ ਦੇ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਇਹਨਾਂ ਛੇ ਸੱਤ ਜ਼ਿਲ੍ਹਿਆਂ ਵਿੱਚ ਹੜ੍ਹ ਦਾ ਖਤਰਾ ਵਧ ਗਿਆ ਹੈ। ਪ੍ਰਸ਼ਾਸਨ ਦੇ ਹੁਕਮ ਦੇ ਅਨੁਸਾਰ ਦਰਿਆਵਾਂ ਦੇ ਕੰਢੇ ਬਹੁਤੇ ਪਿੰਡਾਂ ਦੇ ਵਸਨੀਕਾਂ ਨੂੰ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਜਾਣ ਕਾਰਨ ਬਹੁਤ ਸਾਰੇ ਲੋਕ ਆਪਣੇ ਪਿੰਡਾਂ ਦੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਹਨ।
ਜੇਕਰ ਪਾਣੀ ਦਾ ਪੱਧਰ ਇਸੇ ਤਰ੍ਹਾਂ ਵਧਦਾ ਰਿਹਾ ਤਾਂ ਇਹ ਛੇ ਸੱਤ ਜ਼ਿਲ੍ਹੇ ਹੜ੍ਹ ਦੀ ਮਾਰ ਥੱਲੇ ਆ ਸਕਦੇ ਹਨ। ਸਥਾਨਕ ਲੋਕਾਂ ਵੱਲੋਂ ਇਹਨਾਂ ਇਲਾਕਿਆਂ ਵਿੱਚ ਆਪਣੇ ਪੱਧਰ 'ਤੇ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਧੁੱਸੀ ਬੰਨ੍ਹ ਦੇ ਟੁੱਟਣ ਨਾਲ ਉਹਨਾਂ ਇਲਾਕਿਆਂ ਨੂੰ ਹੜ੍ਹ ਦੇ ਖਤਰਿਆਂ ਤੋਂ ਬਚਾਇਆ ਜਾ ਸਕੇ।