ਸੰਘਰਸ਼ ਤੋਂ ਸਫਲਤਾ ਤੱਕ ਆਈ ਏ ਐਸ ਓਇਸ਼ੀ ਮੰਡਲ ਦੀ ਕਹਾਣੀ
ਹੁਸ਼ਿਆਰਪੁਰ- UPSC 2024 ਵਿੱਚ ਆਲ ਇੰਡੀਆ ਰੈਂਕ 399 ਪ੍ਰਾਪਤ ਕਰਕੇ IAS ਓਇਸ਼ੀ ਮੰਡਲ ਨੇ ਹੌਸਲੇ ਅਤੇ ਦ੍ਰਿੜਤਾ ਦੀ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ। ਇਕ ਖ਼ਾਸ ਮੁਲਾਕਾਤ ਦੌਰਾਨ, ਓਇਸ਼ੀ ਮੰਡਲ ਨੇ ਆਪਣੇ ਸੰਘਰਸ਼, ਅਸਫਲਤਾਵਾਂ ਅਤੇ ਆਖ਼ਰੀ ਜਿੱਤ ਦੀ ਪ੍ਰੇਰਣਾਦਾਇਕ ਯਾਤਰਾ ਸਾਂਝੀ ਕੀਤੀ। ਅੱਜ ਉਹ ਆਪਣੇ ਜ਼ਿਲ੍ਹੇ ਬੀਰਭੂਮ, ਪੱਛਮੀ ਬੰਗਾਲ ਦੀ ਪਹਿਲੀ IAS ਅਧਿਕਾਰੀ ਹੋਣ ਦੇ ਨਾਲ ਨਾਲ ਹੁਸ਼ਿਆਰਪੁਰ ਵਿੱਚ ਅਸਿਸਟੈਂਟ ਕਮਿਸ਼ਨਰ ਵਜੋਂ ਡਿਊਟੀ ਨਿਭਾ ਰਹੀ ਹੈ।

ਸ਼ਾਂਤਿਨਿਕੇਤਨ ਦੀ ਰਹਿਣ ਵਾਲੀ ਓਇਸ਼ੀ ਮੰਡਲ ਨੇ ਇਲੈਕਟ੍ਰਾਨਿਕਸ ਅਤੇ ਕਮਿਊਨਿਕੇਸ਼ਨ ਇੰਜੀਨੀਅਰਿੰਗ ਵਿੱਚ ਬੀ.ਟੈਕ. ਕਰਨ ਤੋਂ ਬਾਅਦ ਕੋਵਿਡ ਸਮੇਂ (2021) ਆਪਣੇ ਸਟਾਰਟਅਪ ਵਿੱਚ ਨੁਕਸਾਨ ਹੋਣ ਉਪਰੰਤ UPSC ਦੀ ਤਿਆਰੀ ਸ਼ੁਰੂ ਕੀਤੀ। ਪਹਿਲੀਆਂ ਤਿੰਨ ਕੋਸ਼ਿਸ਼ਾਂ ਵਿੱਚ ਉਹ ਪ੍ਰੀਲਿਮਸ ਵੀ ਪਾਸ ਨਾ ਕਰ ਸਕੀ, ਪਰ ਚੌਥੀ ਕੋਸ਼ਿਸ਼ ਵਿੱਚ ਉਸਨੇ ਸਾਰੇ ਪੜਾਅ ਪਾਰ ਕਰਕੇ ਕਾਮਯਾਬੀ ਹਾਸਲ ਕੀਤੀ।
ਉਸਨੇ ਦੱਸਿਆ ਕਿ ਪਹਿਲੀ ਪੀੜ੍ਹੀ ਦੀ ਅਫਸਰ ਹੋਣ ਕਾਰਨ ਉਸਨੂੰ ਕਿਸੇ ਤਰ੍ਹਾਂ ਦੀ ਮਦਦ ਜਾਂ ਗਾਈਡੈਂਸ ਨਹੀਂ ਮਿਲੀ। “ਸਭ ਕੁਝ ਬਿਲਕੁਲ ਨਵੇਂ ਸਿਰੇ ਤੋਂ ਕਰਨਾ ਪਿਆ। ਦੋ ਅਸਫਲ ਕੋਸ਼ਿਸ਼ਾਂ ਤੋਂ ਬਾਅਦ ਮੈਂ ਆਪਣਾ ਵਿਕਲਪੀ ਵਿਸ਼ਾ ਬਦਲਿਆ, ਜੋ ਵੱਡਾ ਜੋਖ਼ਮ ਸੀ, ਪਰ ਇਹੀ ਮੇਰੀ ਸਫਲਤਾ ਦੀ ਵਜ੍ਹਾ ਬਣਿਆ,”
ਸਮਾਜਿਕ ਦਬਾਅ ਬਾਰੇ ਗੱਲ ਕਰਦਿਆਂ ਓਇਸ਼ੀ ਨੇ ਕਿਹਾ ਕਿ ਇੱਕ ਕੁੜੀ ਲਈ ਨੌਕਰੀ ਅਤੇ ਵਿਆਹ ਨਾਲ ਜੁੜੀਆਂ ਉਮੀਦਾਂ ਵੱਡੀ ਚੁਣੌਤੀ ਹੁੰਦੀਆਂ ਹਨ। “ਮੇਰੇ ਮਾਪਿਆਂ ਨੇ ਮੈਨੂੰ ਇਨ੍ਹਾਂ ਗੱਲਾਂ ਤੋਂ ਬਚਾ ਕੇ ਹਮੇਸ਼ਾ ਹੌਸਲਾ ਦਿੱਤਾ। ਇੱਕ ਸਮਾਂ ਐਸਾ ਵੀ ਸੀ ਜਦੋਂ ਮੇਰੇ ਕਿਸੇ ਵੀ ਰਿਸ਼ਤੇਦਾਰ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਕੀ ਕਰ ਰਹੀ ਹਾਂ। ਮੇਰੀ ਚੋਣ ਹੋਣ ਤੋਂ ਬਾਅਦ ਹੀ ਉਹ ਮੇਰੇ ਨਾਲ ਜੁੜੇ,” ਉਸਨੇ ਮੁਸਕਰਾਹਟ ਨਾਲ ਦੱਸਿਆ।
ਪੱਤਰਕਾਰ ਵਲੋਂ ਉਸਦੀ ਕਹਾਣੀ ਨੂੰ ਸਿਰਫ਼ ਇਕ ਪਰੀਖਿਆ ਵਿੱਚ ਸਫਲਤਾ ਹੀ ਨਹੀਂ, ਸਗੋਂ ਸਮਾਜਿਕ ਰੁੜੀਆਂ ਨੂੰ ਤੋੜਣ ਵਾਲੀ ਪ੍ਰੇਰਕ ਯਾਤਰਾ ਵਜੋਂ ਵੀ ਦਰਸਾਇਆ।
ਅੱਜ ਅਸਿਸਟੈਂਟ ਕਮਿਸ਼ਨਰ ਹੁਸ਼ਿਆਰਪੁਰ ਵਜੋਂ ਸੇਵਾ ਨਿਭਾ ਰਹੀ ਓਇਸ਼ੀ ਮੰਡਲ ਦੀ ਸਫਲਤਾ ਦੇਸ਼ ਭਰ ਦੇ ਨੌਜਵਾਨਾਂ ਲਈ, ਖ਼ਾਸ ਕਰਕੇ ਛੋਟੇ ਕਸਬਿਆਂ ਅਤੇ ਸੀਮਿਤ ਸਾਧਨਾਂ ਨਾਲ UPSC ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ, ਇਕ ਰੌਸ਼ਨੀ ਦਾ ਚਿਰਾਗ ਬਣੀ ਹੋਈ ਹੈ।