ਸ੍ਰੀ ਰਾਮ ਅਰਸ਼ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ

ਐਸ ਏ ਐਸ ਨਗਰ, 18 ਅਗਸਤ- ਨਾਟਕਕਾਰ ਅਤੇ ਨਾਟਕ-ਨਿਰਦੇਸ਼ਕ ਸੰਜੀਵਨ ਸਿੰਘ ਨੇ ਪੰਜਾਬੀ ਅਦਬ ਦੀ ਵਿਰਾਸਤ ਦੇ ਪ੍ਰਤੀਨਿਧ ਸ਼ਾਇਰ ਸ੍ਰੀ ਰਾਮ ਅਰਸ਼ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸ੍ਰੀ ਰਾਮ ਅਰਸ਼ ਹੋਰਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਹਲਕਾ ਇਕ ਸੰਵੇਦਨਸ਼ੀਲ ਤੇ ਸੁਹਿਰਦ ਕਲਮਕਾਰ ਤੋਂ ਵਾਂਝੇ ਹੋ ਗਿਆ ਹੈ।

ਐਸ ਏ ਐਸ ਨਗਰ, 18 ਅਗਸਤ- ਨਾਟਕਕਾਰ ਅਤੇ ਨਾਟਕ-ਨਿਰਦੇਸ਼ਕ ਸੰਜੀਵਨ ਸਿੰਘ ਨੇ ਪੰਜਾਬੀ ਅਦਬ ਦੀ ਵਿਰਾਸਤ ਦੇ ਪ੍ਰਤੀਨਿਧ ਸ਼ਾਇਰ ਸ੍ਰੀ ਰਾਮ ਅਰਸ਼ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸ੍ਰੀ ਰਾਮ ਅਰਸ਼ ਹੋਰਾਂ ਦੇ ਜਾਣ ਨਾਲ ਪੰਜਾਬੀ ਸਾਹਿਤ ਹਲਕਾ ਇਕ ਸੰਵੇਦਨਸ਼ੀਲ ਤੇ ਸੁਹਿਰਦ ਕਲਮਕਾਰ ਤੋਂ ਵਾਂਝੇ ਹੋ ਗਿਆ ਹੈ।
ਲੇਖਕ ਰਿਪੁਦਮਨ ਸਿੰਘ ਰੂਪ, ਸਰਘੀ ਕਲਾ ਕੇਂਦਰ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਬਜਹੇੜੀ, ਜਨਰਲ ਸਕੱਤਰ ਕੁਕੁ ਦੀਵਾਨ ਅਤੇ ਸਰਘੀ ਪਰਿਵਾਰ ਦੇ ਰੰਗਕਰਮੀ ਰੰਜੀਵਨ ਸਿੰਘ, ਨਰਿੰਦਰ ਨਸਰੀਨ ਅਤੇ ਰਿੱਤੂਰਾਗ ਨੇ ਸ੍ਰੀ ਰਾਮ ਅਰਸ਼ ਦੇ ਵਿਛੋੜੇ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀ ਰਾਮ ਅਰਸ਼ ਹੋਰਾਂ ਜਿਥੇ ਆਪਣੀ ਕਲਮ ਰਾਹੀਂ ਸਮਾਜਿਕ ਸਰੋਕਾਰਾਂ ਤੇ ਦੱਬੇ-ਕੁਚਲੇ ਵਰਗ ਦੇ ਮਸਲੇ ਗੰਭੀਰਤਾ ਅਤੇ ਸ਼ਿੱਦਤ ਨਾਲ ਉਠਾਏ, ਉਥੇ ਹੀ ਸਾਹਿਤ, ਸੱਭਿਆਚਾਰ ਤੇ ਭਾਸ਼ਾ ਦੀ ਬਿਹਤਰੀ ਲਈ ਵੀ ਲਗਾਤਾਰ ਗੰਭੀਰ ਯਤਨ ਕੀਤੇ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਅਤੇ ਕਵੀ ਸ੍ਰੀ ਰਾਮ ਅਰਸ਼ ਦੀ ਵਿਦਾਇਗੀ ਨੂੰ ਪੰਜਾਬੀ ਸਾਹਿਤ ਜਗਤ ਲਈ ਅਸਹਿ ਨੁਕਸਾਨ ਦੱਸਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੁੱਖਣ ਸਿੰਘ ਕੁਹਾੜ ਅਤੇ ਦੰਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਸ੍ਰੀ ਰਾਮ ਅਰਸ਼ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦਾ ਅਮੁੱਲ ਖਜਾਨਾ ਹਨ। ਉਨ੍ਹਾਂ ਦੀਆਂ ਸੰਵੇਦਨਸ਼ੀਲ ਅਤੇ ਸਮਾਜਿਕ ਸਰੋਕਾਰਾਂ ਨਾਲ ਭਰਪੂਰ ਗੀਤਾਂ ਨੇ ਸਮਾਜਿਕ ਅਸਮਾਨਤਾ, ਗਰੀਬੀ ਅਤੇ ਮਨੁੱਖੀ ਸੰਘਰਸ਼ ਵਰਗੇ ਵਿਸ਼ਿਆਂ ਨੂੰ ਗਹਿਰੀ ਸੋਚ ਅਤੇ ਸੁੰਦਰਤਾ ਨਾਲ ਪੇਸ਼ ਕੀਤਾ। ਉਨ੍ਹਾਂ ਦੀ ਸ਼ਾਇਰੀ ਵਿੱਚ ਮਾਨਵਤਾਵਾਦੀ ਸੁਨੇਹੇ ਅਤੇ ਸਮਾਜਿਕ ਜਾਗਰੂਕਤਾ ਨੇ ਪਾਠਕਾਂ ਦੇ ਦਿਲਾਂ ਤੇ ਗਹਿਰਾ ਅਸਰ ਕੀਤਾ।
ਸਭਾ ਵੱਲੋਂ ਸ੍ਰੀ ਰਾਮ ਅਰਸ਼ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਪੰਜਾਬੀ ਸਾਹਿਤ ਦੀ ਅਮਰ ਵਿਰਾਸਤ ਹਨ ਅਤੇ ਉਹ ਸਾਹਿਤ ਪ੍ਰੇਮੀਆਂ ਦੇ ਦਿਲਾਂ ਵਿੱਚ ਸਦਾ ਜਿਉਂਦੇ ਰਹਿਣਗੇ।