ਅਜਨਾਲਾ ਖੇਤਰ ਵਿਚ ਹੜ੍ਹ ’ਚ ਘਿਰੇ ਲੋਕਾਂ ਦੀ ਮਦਦ ਲਈ ਬਹੁੜੀ ਫੌਜ; 40 ਪਿੰਡ ਪਾਣੀ ’ਚ ਘਿਰੇ
ਅੰਮ੍ਰਿਤਸਰ- ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਅਜਨਾਲਾ ਖੇਤਰ ਵਿੱਚ ਲੋਕਾਂ ਦੀ ਮਦਦ ਲਈ ਫੌਜ ਪੁੱਜ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਨੇ ਵੀ ਸਵੇਰੇ ਤੜਕੇ 4 ਵਜੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਅਤੇ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਆਪਣੀਆਂ ਟੀਮਾਂ ਨਾਲ ਸਵੇਰੇ ਮੌਕੇ ’ਤੇ ਪੁੱਜ ਗਏ ਸਨ।

ਰਮਦਾਸ ਜਿੱਥੋਂ ਕੱਲ੍ਹ ਤੱਕ ਗੱਡੀਆਂ ਦਾ ਕਾਫਲਾ ਅੱਗੇ ਜਾਂਦਾ ਸੀ, ਅੱਜ ਪਾਣੀ ਨੇ ਉੱਥੇ ਵੀ ਰਸਤਾ ਰੋਕ ਲਿਆ ਹੈ। ਉਥੋਂ ਹੁਣ ਟਰੈਕਟਰਾਂ ਉੱਤੇ ਜਵਾਨਾਂ ਨੂੰ ਤੋਰਿਆ ਗਿਆ ਤਾਂ ਜੋ ਲੋਕਾਂ ਨੂੰ ਘਰਾਂ ਵਿੱਚੋਂ ਕੱਢ ਕੇ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾ ਸਕਣ।
ਇਸ ਦੌਰਾਨ ਫੌਜ ਦੇ ਜਵਾਨ ਵੀ ਅੱਜ ਸਵੇਰੇ ਤੜਕੇ ਪਹੁੰਚ ਚੁੱਕੇ ਹਨ। ਉਨ੍ਹਾਂ ਕੋਲ ਅਜਿਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਵਿਸ਼ੇਸ਼ ਟਰੇਨਿੰਗ ਹੈ। ਉਨ੍ਹਾਂ ਨੇ ਆਪਣੀਆਂ ਕਿਸ਼ਤੀਆਂ ਲਿਆਂਦੀਆਂ ਹਨ। ਫਿਲਹਾਲ ਪਾਣੀ ਵਿੱਚ ਘਿਰੇ ਲੋਕਾਂ ਨੂੰ ਸੁਰੱਖਿਤ ਸਥਾਨਾਂ ਉਤੇ ਲਿਆਉਣ ਦਾ ਕੰਮ ਚੱਲ ਰਿਹਾ ਹੈ।
ਦੱਸਣਯੋਗ ਹੈ ਕਿ ਬੀਤੇ ਕੱਲ੍ਹ 27 ਅਗਸਤ ਦੀ ਸਵੇਰ ਧੁਸੀ ਬੰਨ੍ਹ ਤੋੜ ਕੇ ਪਾਣੀ ਆਬਾਦੀਆਂ ਵਾਲੇ ਪਾਸਿਆਂ ਨੂੰ ਵਧਿਆ ਸੀ ਤੇ ਰਮਦਾਸ ਖੇਤਰ ਦੇ ਲਗਪਗ 20 ਤੋਂ ਵੱਧ ਪਿੰਡ ਪਾਣੀ ਵਿੱਚ ਘਿਰ ਗਏ ਸਨ। ਲੋਕਾਂ ਨੂੰ ਬਚਾਉਣ ਵਾਸਤੇ ਦੇਰ ਰਾਤ 11 ਵਜੇ ਤੱਕ ਬਚਾਅ ਕਾਰਜ ਚਲਦੇ ਰਹੇ ਹਨ।
ਜਾਣਕਾਰੀ ਮੁਤਾਬਕ ਪਾਣੀ ਹੋਰ ਅੱਗੇ ਵੱਧ ਰਿਹਾ ਹੈ ਅਤੇ ਹੁਣ ਲਗਪਗ 40 ਪਿੰਡ ਜੋ ਕਿ ਕੱਲ੍ਹ ਨਾਲੋਂ ਦੋ ਗੁਣਾ ਹਨ ਪਾਣੀ ਵਿੱਚ ਘਿਰ ਗਏ ਹਨ। ਇਨ੍ਹਾਂ ਪਿੰਡਾਂ ਵਿੱਚੋਂ ਵੀ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਾਸਤੇ ਯਤਨ ਕੀਤੇ ਜਾ ਰਹੇ ਹਨ। ਵਧੇਰੇ ਪਿੰਡਾਂ ਵਿੱਚ ਜਿਨ੍ਹਾਂ ਲੋਕਾਂ ਦੇ ਦੋ ਮੰਜ਼ਿਲਾਂ ਘਰ ਹਨ ਉਹ ਉੱਪਰਲੀਆਂ ਮੰਜ਼ਲਾਂ ’ਤੇ ਚਲੇ ਗਏ ਹਨ।