
ਫੇਜ਼ 11 ਦੇ ਮੰਦਰ ਨੇੜੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਆਂ ਪਾਈਪਾਂ ਦੇ ਚੈਂਬਰ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਕਦੇ ਵੀ ਵਾਪਰ ਸਕਦਾ ਹੈ ਹਾਦਸਾ
ਐਸ ਏ ਐਸ ਨਗਰ, 26 ਅਗਸਤ- ਸਥਾਨਕ ਫੇਜ਼ 11 ਦੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਦੇ ਨੇੜੇ ਸੜਕ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਆਂ ਪਾਈਪਾਂ ਦਾ ਚੈਂਬਰ ਤਿਆਰ ਕਰਨ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਜਿੱਥੇ ਸਥਾਨਕ ਵਸਨੀਕਾਂ ਅਤੇ ਸ਼ਰਧਾਲੂਆਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ, ਉੱਥੇ ਇਸ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਐਸ ਏ ਐਸ ਨਗਰ, 26 ਅਗਸਤ- ਸਥਾਨਕ ਫੇਜ਼ 11 ਦੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਦੇ ਨੇੜੇ ਸੜਕ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਆਂ ਪਾਈਪਾਂ ਦਾ ਚੈਂਬਰ ਤਿਆਰ ਕਰਨ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਜਿੱਥੇ ਸਥਾਨਕ ਵਸਨੀਕਾਂ ਅਤੇ ਸ਼ਰਧਾਲੂਆਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ, ਉੱਥੇ ਇਸ ਕਾਰਨ ਕਦੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।
ਇਸ ਥਾਂ ਤੇ ਚੈਂਬਰ ਬਣਾਉਣ ਲਈ ਸੜਕ ਦਾ ਇੱਕ ਹਿੱਸਾ ਪੁੱਟਿਆ ਹੋਇਆ ਹੈ ਜੋ ਲਗਭਗ 15 ਫੁੱਟ ਦੇ ਕਰੀਬ ਡੂੰਘਾ ਹੈ। ਚੰਡੀਗੜ੍ਹ ਦੇ ਸੈਕਟਰ 47 ਵੱਲੋਂ ਆਉਂਦੀ ਇਹ ਸੜਕ ਅੱਗੇ ਏਅਰਪੋਰਟ ਰੋਡ ਨੂੰ ਜਾ ਮਿਲਦੀ ਹੈ ਅਤੇ ਇਸ ਤੇ ਹਰ ਵੇਲੇ ਟ੍ਰੈਫਿਕ ਰਹਿੰਦਾ ਹੈ।
ਇਸ ਚੈਂਬਰ ਦੀ ਉਸਾਰੀ ਦਾ ਕੰਮ ਜਨ ਸਿਹਤ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਪਰੰਤੂ ਇਸ ਕੰਮ ਦੀ ਰਫਤਾਰ ਬਹੁਤ ਹੌਲੀ ਹੈ ਅਤੇ ਇਸ ਕਾਰਨ ਇੱਥੋਂ ਲੰਘਣ ਵਾਲਿਆਂ ਅਤੇ ਖਾਸ ਕਰਕੇ ਫੇਜ਼ 11 ਦੇ ਵਸਨੀਕਾਂ ਨੂੰ ਭਾਰੀ ਦਿੱਕਤ ਆ ਰਹੀ ਹੈ। ਚੈਂਬਰ ਬਣਾਉਣ ਵਾਸਤੇ ਜਿਹੜੀ ਜਗ੍ਹਾ ਮਿੱਟੀ ਪੁੱਟੀ ਗਈ ਹੈ, ਉਸ ਨੂੰ ਮੇਨ ਸੜਕ ਵਿੱਚ ਹੀ ਇੱਕ ਢੇਰ ਦੇ ਰੂਪ ਵਿੱਚ ਇਕੱਠਾ ਕਰ ਦਿੱਤਾ ਗਿਆ ਹੈ। ਮੀਂਹ ਪੈਣ ਤੇ ਇਹ ਮਿੱਟੀ ਪਾਣੀ ਵਿੱਚ ਘੁਲ ਕੇ ਸੜਕ ਤੇ ਆ ਜਾਂਦੀ ਹੈ ਅਤੇ ਇਸ ਕਾਰਨ ਇੱਥੇ ਚਿੱਕੜ ਅਤੇ ਤਿਲਕਣ ਹੋ ਜਾਂਦੀ ਹੈ।
ਵਿਭਾਗ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਆਂ ਪਾਈਪਾਂ ਲਈ ਪੁੱਟੀ ਜਮੀਨ ਨੂੰ ਭਾਵੇਂ ਮਿੱਟੀ ਪਾ ਕੇ ਪੂਰ ਦਿੱਤਾ ਗਿਆ ਹੈ, ਪਰ ਉਹਨਾਂ ਥਾਵਾਂ ਤੇ ਅਜੇ ਵੀ ਡੂੰਘੇ ਟੋਏ ਪਏ ਹਨ ਅਤੇ ਬਰਸਾਤ ਕਾਰਨ ਇੱਥੇ ਚਿੱਕੜ ਹੋਣ ਕਾਰਨ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਹੁੰਦੇ ਹਨ। ਫੇਜ਼ 11 ਦੇ ਕੌਂਸਲਰ ਕੁਲਵੰਤ ਸਿੰਘ ਕਲੇਰ ਦੱਸਦੇ ਹਨ ਕਿ ਫੇਜ਼ 11 ਦੇ ਵਸਨੀਕਾਂ ਨੇ ਠੇਕੇਦਾਰ ਨੂੰ ਬੇਨਤੀ ਕੀਤੀ ਸੀ ਕਿ ਇਹਨਾਂ ਟੋਇਆਂ ਨੂੰ ਚੰਗੀ ਤਰ੍ਹਾਂ ਭਰਵਾ ਦਿੱਤਾ ਜਾਵੇ ਪਰ ਠੇਕੇਦਾਰ ਵੱਲੋਂ ਉੱਥੇ ਮਿੱਟੀ ਸੁੱਟਵਾ ਕੇ ਉਹ ਟੋਏ ਪੂਰ ਦਿੱਤੇ ਗਏ।
ਉਹਨਾਂ ਕਿਹਾ ਕਿ ਉਹਨਾਂ ਵੱਲੋਂ ਵੀ ਠੇਕੇਦਾਰ ਨੂੰ ਇਹ ਸੜਕ ਨੂੰ ਜਲਦੀ ਠੀਕ ਕਰਨ ਅਤੇ ਚੈਂਬਰ ਦਾ ਕੰਮ ਜਲਦੀ ਪੂਰਾ ਕਰਨ ਵਾਸਤੇ ਕਿਹਾ ਗਿਆ ਸੀ ਪਰ ਠੇਕੇਦਾਰ ਵੱਲੋਂ ਉੱਥੇ ਸਿਰਫ ਦੋ ਮਿਸਤਰੀ ਲਗਾਏ ਗਏ ਹਨ ਅਤੇ ਕੰਮ ਦੀ ਰਫਤਾਰ ਬਹੁਤ ਹੌਲੀ ਹੈ। ਉਹਨਾਂ ਕਿਹਾ ਕਿ ਜਦੋਂ ਤਕ ਇੱਥੇ ਵੱਧ ਮਿਸਤਰੀ ਅਤੇ ਮਜਦੂਰ ਨਹੀਂ ਲਗਾਏ ਜਾਣਗੇ, ਇਸ ਚੈਂਬਰ ਦਾ ਕੰਮ ਛੇਤੀ ਮੁਕੰਮਲ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।
ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੈਪਟਨ ਕਰਨੈਲ ਸਿੰਘ ਅਤੇ ਰਘਬੀਰ ਸਿੰਘ ਸਿੱਧੂ ਨੇ ਮੰਗ ਕੀਤੀ ਹੈ ਕਿ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਠੇਕੇਦਾਰ ਨੂੰ ਇਹ ਕੰਮ ਜਲਦੀ ਮੁਕਾਉਣ ਦੀ ਹਿਦਾਇਤ ਦਿੱਤੀ ਜਾਵੇ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੂਰ ਹੋ ਸਕਣ।
ਸੰਪਰਕ ਕਰਨ ਤੇ ਮੁਹਾਲੀ ਨਗਰ ਨਿਗਮ ਦੇ ਮੇਅਰ ਸਰਦਾਰ ਅਮਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਕੰਮ ਜਨ ਸਿਹਤ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਵੱਲੋਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਕੰਮ ਛੇਤੀ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਇਸ ਸੰਬੰਧੀ ਜਨ ਸਿਹਤ ਵਿਭਾਗ ਦੇ ਐਸ ਡੀ ਓ ਨਾਲ ਸੰਪਰਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰੰਤੂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।
