ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਵਫਦ ਵੱਲੋਂ ਸਿਹਤ ਵਿਭਾਗ ਦੇ ਡਾਇਰੈਕਟਰ ਨਾਲ ਪੈਨਲ ਮੀਟਿੰਗ, ਕਈ ਮੰਗਾਂ ਦੇ ਨਿਪਟਾਰੇ ਦਾ ਭਰੋਸਾ

ਚੰਡੀਗੜ੍ਹ, 26 ਅਗਸਤ- ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਤਿੰਦਰ ਕੌਰ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪੰਜਾਬ ਦੇ ਇੱਕ ਵਫਦ ਨਾਲ ਮੰਗਾਂ ਦੇ ਹੱਲ ਲਈ ਪੈਨਲ ਮੀਟਿੰਗ ਕੀਤੀ ਗਈ ਜਿਸ ਦੌਰਾਨ ਕਈ ਮੰਗਾਂ ਦੇ ਨਿਪਟਾਰੇ ਦਾ ਭਰੋਸਾ ਦਿੱਤਾ ਗਿਆ।

ਚੰਡੀਗੜ੍ਹ, 26 ਅਗਸਤ- ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਤਿੰਦਰ ਕੌਰ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਪੰਜਾਬ ਦੇ ਇੱਕ ਵਫਦ ਨਾਲ ਮੰਗਾਂ ਦੇ ਹੱਲ ਲਈ ਪੈਨਲ ਮੀਟਿੰਗ ਕੀਤੀ ਗਈ ਜਿਸ ਦੌਰਾਨ ਕਈ ਮੰਗਾਂ ਦੇ ਨਿਪਟਾਰੇ ਦਾ ਭਰੋਸਾ ਦਿੱਤਾ ਗਿਆ।
ਫੈਡਰੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਸੀਨੀਅਰ ਆਗੂ ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਹਰਵਿੰਦਰ ਸਿੰਘ ਛੀਨਾ, ਕ੍ਰਿਸ਼ਨ ਪ੍ਰਸ਼ਾਦ, ਕੋਰਜੀਤ ਸਿੰਘ, ਰਾਮ ਪ੍ਰਸ਼ਾਦ ਫਿਰੋਜ਼ਪੁਰ, ਦਲਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ 11 ਮੈਂਬਰੀ ਵਫਦ ਨਾਲ ਹੋਈ ਮੀਟਿੰਗ ਦੌਰਾਨ ਜਿਹਨਾਂ ਮੁੱਖ ਮੰਗਾਂ ਤੇ ਚਰਚਾ ਕੀਤੀ ਗਈ।
 ਉਹਨਾਂ ਵਿੱਚ ਦਰਜਾ ਚਾਰ ਅਤੇ ਦਰਜਾ ਤਿੰਨ ਮੁਲਾਜ਼ਮਾਂ ਦੀਆਂ ਨਾਜਾਇਜ਼ ਬਦਲੀਆਂ ਰੱਦ ਕਰਨਾ, ਕੰਟਰੈਕਟ, ਡੇਲੀਵੇਜ਼ ਇੰਸੈਂਟਿਵ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਮੇਂ ਮਾਨਯੋਗ ਹਾਈਕੋਰਟ ਦੇ ਹੁਕਮਾਂ ਮੁਤਾਬਕ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨਾ, ਮਲਟੀਪਰਪਜ਼ ਕੇਡਰ ਦੀਆਂ ਪਦਉੱਨਤੀਆਂ ਸਮੇਂਬੱਧ ਕਰਨ ਅਤੇ ਸੀਨੀਅਰਤਾ ਸੂਚੀਆਂ ਸੋਧਣ, ਕੇਂਦਰੀ ਸਕੇਲ ਦੀ ਥਾਂ ਪੰਜਾਬ ਦੇ ਸਕੇਲ ਲਾਗੂ ਕਰਨ ਸਮੇਤ ਆਊਟਸੋਰਸ ਮੁਲਾਜ਼ਮਾਂ ਨੂੰ ਕਿਰਤ ਵਿਭਾਗ ਦੇ ਫੈਸਲੇ ਮੁਤਾਬਕ ਬੈਂਕਾਂ ਰਾਹੀਂ ਪੂਰੀ ਉਜਰਤ, ਈ ਪੀ ਐਫ, ਈ ਐਸ ਆਈ ਸਮੇਤ ਸਾਰੀਆਂ ਸਹੂਲਤਾਂ ਯਕੀਨੀ ਬਣਾਉਣਾ ਸ਼ਾਮਲ ਸੀ।
ਮੀਟਿੰਗ ਵਿੱਚ ਵਿਭਾਗ ਵੱਲੋਂ ਦੋ ਡਿਪਟੀ ਡਾਇਰੈਕਟਰ ਅਤੇ ਸਾਰੀਆਂ ਬ੍ਰਾਂਚਾਂ ਦੇ ਸੁਪਰਡੈਂਟ ਅਤੇ ਦਫਤਰੀ ਅਮਲਾ ਹਾਜਰ ਸੀ। ਉਹਨਾਂ ਦੱਸਿਆ ਕਿ ਇਸ ਮੌਕੇ ਕੁਝ ਮੰਗਾਂ ਦਾ ਫੌਰੀ ਨਿਪਟਾਰਾ ਕੀਤਾ ਗਿਆ ਅਤੇ ਆਗੂਆਂ ਨੇ ਤਸੱਲੀਬਖਸ਼ ਮੀਟਿੰਗ ਤੇ ਪ੍ਰਗਟਾਈ। ਆਗੂਆਂ ਨੇ ਕਿਹਾ ਕਿ ਜੇਕਰ ਦਿੱਤੇ ਭਰੋਸੇ ਮੁਤਾਬਕ ਮੰਗਾਂ ਦਾ ਨਿਬੇੜਾ ਨਾ ਹੋਇਆ ਤਾਂ ਜਥੇਬੰਦਕ ਸੰਘਰਸ਼ ਫਿਰ ਸ਼ੁਰੂ ਕੀਤਾ ਜਾਵੇਗਾ।