ਪਟਿਆਲਾ ਲੋਕ ਸਭਾ ਸੀਟ : ਡਾ. ਗਾਂਧੀ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂਆਂ 'ਚ 'ਮਚੀ ਖਲਬਲੀ'

ਪਟਿਆਲਾ, 2 ਮਾਰਚ - ਆਮ ਆਦਮੀ ਪਾਰਟੀ ਦੇ ਸਾਬਕਾ ਐਮ.ਪੀ. ਧਰਮਵੀਰ ਗਾਂਧੀ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਉਨ੍ਹਾਂ ਨੂੰ ਪਾਰਟੀ ਵੱਲੋਂ ਆਗਾਮੀ ਆਮ ਚੋਣਾਂ ਵਿੱਚ ਪਟਿਆਲਾ ਤੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਨੇ ਉਮੀਦਵਾਰੀ ਦੇ ਚਾਹਵਾਨ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਵਿਚਾਲੇ ਖਲਬਲੀ ਮਚਾ ਦਿੱਤੀ ਹੈ ਤੇ ਡਾ. ਗਾਂਧੀ ਨੂੰ ਉਮੀਦਵਾਰ ਬਣਾਏ ਜਾਣ ਵਿਰੁੱਧ ਵੱਖ ਵੱਖ ਆਗੂਆਂ ਵਿਚਾਲੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ ਇਨ੍ਹਾਂ ਆਗੂਆਂ ਵੱਲੋਂ "ਬਗਾਵਤੀ ਸੁਰ ਅਲਾਪਣ" ਦੀ ਸੰਭਾਵਨਾ ਬਣ ਗਈ ਹੈ।

ਪਟਿਆਲਾ, 2 ਮਾਰਚ - ਆਮ ਆਦਮੀ ਪਾਰਟੀ ਦੇ ਸਾਬਕਾ ਐਮ.ਪੀ. ਧਰਮਵੀਰ ਗਾਂਧੀ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਉਨ੍ਹਾਂ ਨੂੰ ਪਾਰਟੀ ਵੱਲੋਂ ਆਗਾਮੀ ਆਮ ਚੋਣਾਂ ਵਿੱਚ ਪਟਿਆਲਾ ਤੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਨੇ ਉਮੀਦਵਾਰੀ ਦੇ ਚਾਹਵਾਨ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਵਿਚਾਲੇ ਖਲਬਲੀ ਮਚਾ ਦਿੱਤੀ ਹੈ ਤੇ ਡਾ. ਗਾਂਧੀ ਨੂੰ ਉਮੀਦਵਾਰ ਬਣਾਏ ਜਾਣ ਵਿਰੁੱਧ ਵੱਖ ਵੱਖ ਆਗੂਆਂ ਵਿਚਾਲੇ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ ਇਨ੍ਹਾਂ ਆਗੂਆਂ ਵੱਲੋਂ "ਬਗਾਵਤੀ ਸੁਰ ਅਲਾਪਣ" ਦੀ ਸੰਭਾਵਨਾ ਬਣ ਗਈ ਹੈ। ਅਜਿਹੀ ਸੁਰ ਵਾਲੀ ਹੀ ਇੱਕ ਮੀਟਿੰਗ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਰਿਹਾਇਸ਼ 'ਤੇ ਹੋਈ ਜਿਸ ਵਿੱਚ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਸਮਾਣਾ ਦੇ ਸਾਬਕਾ ਵਿਧਾਇਕ ਰਾਜਿੰਦਰ ਸਿੰਘ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਪਟਿਆਲਾ ਲੋਕ ਸਭਾ ਸੀਟ ਤੋਂ ਕਿਸੇ "ਬਾਹਰੀ ਵਿਅਕਤੀ" ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਏ ਜਾਣ ਦਾ ਵਿਰੋਧ ਕਰਦੇ ਹੋਏ ਟਕਸਾਲੀ ਤੇ ਪਾਰਟੀ ਦੀ ਪ੍ਰਫੁੱਲਤਾ ਲਈ ਕੰਮ ਕਰਨ ਵਾਲੇ ਆਗੂ ਨੂੰ ਹੀ ਉਮੀਦਵਾਰ ਬਣਾਏ ਜਾਣ 'ਤੇ ਜ਼ੋਰ ਦਿੱਤਾ ਗਿਆ। ਇਨ੍ਹਾਂ ਆਗੂਆਂ ਨੇ ਇਸ ਵਿਰੋਧਤਾ ਦੀ ਮੀਡੀਆ ਨੂੰ ਵੀ ਇੱਕ ਪ੍ਰੈੱਸ ਨੋਟ ਰਾਹੀਂ ਜਾਣਕਾਰੀ ਦਿੱਤੀ। ਭਾਵੇਂ ਇਸ ਮੀਟਿੰਗ ਵਿੱਚ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਲਾਲ ਸਿੰਘ ਸ਼ਾਮਲ ਨਹੀਂ ਹੋਏ ਪਰ ਉਨ੍ਹਾਂ ਦਾ ਨਾਂ ਸੰਭਾਵੀ ਉਮੀਦਵਾਰਾਂ ਵਿੱਚ ਬੋਲਦਾ ਹੈ, ਵੈਸੇ ਪਟਿਆਲਾ ਲੋਕ ਸਭਾ ਸੀਟ ਲਈ ਟਿਕਟ ਦੀ ਦੌੜ ਵਿੱਚ ਜਿਨ੍ਹਾਂ ਹੋਰਨਾਂ ਕਾਂਗਰਸੀ ਆਗੂਆਂ ਦੀ ਚਰਚਾ ਹੋ ਰਹੀ ਹੈ, ਉਨ੍ਹਾਂ ਵਿੱਚ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਮਹਿਲਾ ਵਿੰਗ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵੀ ਸ਼ਾਮਲ ਹਨ। ਅਕਾਲੀ ਦਲ ਵੀ ਪਟਿਆਲਾ ਲੋਕ ਸਭਾ ਹਲਕੇ ਲਈ ਪਾਰਟੀ ਉਮੀਦਵਾਰ ਦਾ ਨਾਂ ਐਲਾਨ ਕਰਨ ਵਿੱਚ ਪਛੜਿਆ ਹੋਇਆ ਹੈ। ਜੇ ਸੰਭਾਵੀ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ ਤਾਂ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਸੁਰਜੀਤ ਸਿੰਘ ਰੱਖੜਾ ਦਾ ਨਾਂ ਸਿਖਰ 'ਤੇ ਆਉਂਦਾ ਹੈ ਪਰ ਇਹ ਵੀ ਚਰਚਾ ਹੈ ਕਿ ਉਹ ਇਸ ਵਾਰ ਚੋਣ ਨਹੀਂ ਲੜਨਾ ਚਾਹੁੰਦੇ। 2019 ਦੀਆਂ ਆਮ ਚੋਣਾਂ ਵਿੱਚ ਉਹ ਦੂਜੇ ਸਥਾਨ 'ਤੇ ਰਹੇ ਸਨ। ਜਿਨ੍ਹਾਂ ਹੋਰਨਾਂ ਆਗੂਆਂ ਨੂੰ ਅਕਾਲੀ ਦਲ ਦਾ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੈ, ਉਨ੍ਹਾਂ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਰਾਜਪੁਰਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ ਤੇ ਸਾਬਕਾ ਵਿਧਾਇਕ ਐਨ ਕੇ ਸ਼ਰਮਾ ਸ਼ਾਮਲ ਹਨ।